ਨੈਸ਼ਨਲ ਗੱਤਕਾ ਐਸੋਸੀਏਸ਼ਨ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ 12 ਦਸੰਬਰ ਤੋਂ ਤੀਜਾ ਕੌਮੀ ਗੱਤਕਾ ਰਿਫਰੈਸ਼ਰ ਕੋਰਸ ਹੋਵੇਗਾ ਸ਼ੁਰੂ

ਚੰਡੀਗੜ੍ਹ, 10 ਦਸੰਬਰ 2025: ਗੱਤਕਾ ਖੇਡ ਦੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਦੇਸ਼ ‘ਚ ਗੱਤਕੇ ਦੀ ਸਿਖਰਲੀ ਸੰਸਥਾ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ (NGAI) ਵੱਲੋਂ ਰੈਫਰੀਆਂ, ਜੱਜਾਂ, ਕੋਚਾਂ ਅਤੇ ਤਕਨੀਕੀ ਅਧਿਕਾਰੀਆਂ ਲਈ ਤੀਜਾ ਕੌਮੀ ਗੱਤਕਾ ਰਿਫਰੈਸ਼ਰ ਕੋਰਸ 12 ਦਸੰਬਰ ਤੋਂ 14 ਦਸੰਬਰ ਤੱਕ ਸੈਕਟਰ 53, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਲਗਭੱਗ 20 ਘੰਟਿਆਂ ਦੇ ਇਸ ਤਿੰਨ ਰੋਜ਼ਾ ਪ੍ਰੋਗਰਾਮ ਦੌਰਾਨ ਗੱਤਕਾ ਖੇਡ ਨਾਲ ਜੁੜੇ ਮਾਹਰਾਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾਣਗੇ।

ਇਸ ਸੰਬੰਧੀ NGAI ਦੇ ਕੌਮੀ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਭਰ ‘ਚ ਗੱਤਕਾ ਮੁਕਾਬਲਿਆਂ ਦੌਰਾਨ ਰੈਫਰੀਸ਼ਿੱਪ, ਜੱਜਮੈਂਟ ਤੇ ਸਕੋਰਿੰਗ (ਆਫੀਸ਼ੀਏਟਿੰਗ) ਨਾਲ ਜੁੜੇ ਮਿਆਰਾਂ ਨੂੰ ਉਚਾ ਚੁੱਕਣ, ਖੇਡ ਦੇ ਨਿਯਮਾਂ ‘ਚ ਇਕਸਾਰਤਾ ਯਕੀਨੀ ਬਣਾਉਣ ਅਤੇ ਪ੍ਰਮਾਣਿਤ ਰੈਫਰੀਆਂ, ਜੱਜਾਂ ਅਤੇ ਤਕਨੀਕੀ ਅਧਿਕਾਰੀਆਂ (ਆਫੀਸ਼ੀਅਲਾਂ) ਦੀ ਮਜ਼ਬੂਤ ਟੀਮ ਬਣਾਉਣਾ ਹੈ ਤਾਂ ਜੋ ਹਰ ਪੱਧਰ ਦੇ ਟੂਰਨਾਮੈਂਟ ਤਕਨੀਕੀ ਪੱਖ ਤੋਂ ਪਾਰਦਰਸ਼ਤਾ, ਨਿਰਪੱਖਤਾ ਅਤੇ ਯੋਜਨਾਬੱਧ ਢੰਗ ਨਾਲ ਸਫਲਤਾ ਪੂਰਵਕ ਨੇਪਰੇ ਚਾੜੇ ਜਾ ਸਕਣ।

ਉਨਾਂ ਦੱਸਿਆ ਕਿ ਗੱਤਕਾ ਖੇਡ ਦੀ ਦੇਸ਼ ਵਿਆਪੀ ਪ੍ਰਫੁੱਲਤਾ ਜਾਰੀ ਰੱਖਣ ‘ਚ ਅਜਿਹੇ ਕੋਰਸਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ ਇਹ ਰਿਫਰੈਸ਼ਰ ਕੋਰਸ ਗੱਤਕਾ ਖੇਡ ‘ਚ ‘ਅੰਪਾਇਰਿੰਗ ਤੇ ਸਕੋਰਿੰਗ’ ਨੂੰ ਪੇਸ਼ੇਵਰ ਬਣਾਉਣ ਸਬੰਧੀ ਤਿਆਰ ਕੀਤੇ ਮਿਸ਼ਨ ਤਹਿਤ ਲਾਗੂ ਕੀਤੇ ਜਾ ਰਹੇ ਰੋਡਮੈਪ ਦਾ ਇੱਕ ਅਹਿਮ ਹਿੱਸਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਐਨ.ਜੀ.ਏ.ਆਈ. ਤਕਨੀਕੀ ਉੱਤਮਤਾ ਦੇ ਮਿਆਰੀਕਰਨ ਲਈ ਅੱਗੇ ਵਧ ਰਹੀ ਹੈ ਜਿਸਨੂੰ ਇਹ ਸਿੱਖਿਅਤ ਗੱਤਕਾ ਆਫੀਸ਼ੀਅਲ ਵਿਸ਼ਵ ਪੱਧਰ ‘ਤੇ ਅੱਗੇ ਵਧਾਉਣਗੇ।

ਇਸ ਕੋਰਸ ਦੇ ਮੁੱਖ ਇੰਚਾਰਜ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਾਈਸ ਚੇਅਰਮੈਨ ਸੁਖਚੈਨ ਸਿੰਘ ਕਲਸਾਨੀ ਅਤੇ ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਕੌਮਾਂਤਰੀ ਗੱਤਕਾ ਨਿਯਮਾਵਲੀ ਦੀ ਰੌਸ਼ਨੀ ‘ਚ ਤਿਆਰ ਕੀਤੇ ਤਿੰਨ ਦਿਨਾਂ ਦੌਰਾਨ ਰੋਜ਼ਾਨਾ 6 ਤੋਂ 8 ਘੰਟਿਆਂ ਦੇ ਪ੍ਰੋਗਰਾਮਾਂ ਦੌਰਾਨ ਸਿਧਾਂਤਿਕ (ਥਿਊਰੀ) ਅਤੇ ਵਿਹਾਰਕ (ਪ੍ਰੈਕਟੀਕਲ) ਸੈਸ਼ਨ ਹੋਣਗੇ ਜੋ ਆਫੀਸ਼ੀਅਲਾਂ ਦੇ ਗਿਆਨ ‘ਚ ਵਾਧਾ ਕਰਨ ਅਤੇ ਮੈਦਾਨ ‘ਚ ਫੈਸਲੇ ਲੈਣ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਤਿਆਰ ਕੀਤੇ ਹਨ।

ਇਸ ਦੌਰਾਨ ਆਫੀਸ਼ੀਅਲਾਂ ਦੀ ਅਧਿਕਾਰਤ ਗਰੇਡਿੰਗ ਕਰਨ ਅਤੇ ਪ੍ਰਮਾਣੀਕਰਣ (ਸਰਟੀਫਿਕੇਸ਼ਨ) ਲਈ ਲਿਖਤੀ ਪ੍ਰੀਖਿਆ ਵੀ ਲਈ ਜਾਵੇਗੀ ਜਿਸ ‘ਚੋਂ ਸਫਲ ਹੋਣ ਵਾਲੇ ਤਕਨੀਕੀ ਆਫੀਸ਼ੀਅਲਾਂ ਨੂੰ ਸਮਾਪਤੀ ਸਮਾਗਮ ਮੌਕੇ ਪ੍ਰਮਾਣ ਪੱਤਰ ਵੰਡੇ ਜਾਣਗੇ ਅਤੇ ਸਮਾਰਟ ਪਛਾਣ ਪੱਤਰ ਜਾਰੀ ਕੀਤੇ ਜਾਣਗੇ।

ਗੱਤਕਾ ਪ੍ਰਮੋਟਰ ਗਰੇਵਾਲ ਨੇ ਇਸ ਕੋਰਸ ਦੇ ਮੁੱਖ ਉਦੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਕੋਰਸ ਸਦਕਾ ਭਾਰਤ ਭਰ ‘ਚ ਗੱਤਕਾ ਮੁਕਾਬਲਿਆਂ ਲਈ ਆਫੀਸ਼ੀਏਟਿੰਗ ਦੇ ਹੁਨਰ ਨੂੰ ਨਿਖਾਰਨ, ਖੇਡ ਨਿਯਮਾਂ ‘ਚ ਇਕਸਾਰਤਾ ਲਿਆਉਣ ਅਤੇ ਅੰਪਾਇਰਿੰਗ ਦੇ ਮਿਆਰੀਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੱਤਕਾ ਆਫੀਸ਼ੀਅਲਾਂ ਲਈ ਇਹ ਪ੍ਰਮਾਣੀਕਰਣ ਪ੍ਰੋਗਰਾਮ ਭਵਿੱਖ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੱਤਕਾ ਚੈਂਪੀਅਨਸ਼ਿਪਾਂ ‘ਚ ਅੰਪਾਇਰਿੰਗ ਤੇ ਜੱਜਮੈਂਟ ਕਰਨ ਲਈ ਇੱਕ ਲਾਇਸੈਂਸ ਹੈ ਜਦਕਿ ਕੋਚਿੰਗ ਅਤੇ ਖੇਡ ਸਿਖਲਾਈ ‘ਚ ਭਵਿੱਖ ਬਣਾਉਣ ਵਾਲਿਆਂ ਲਈ ਇੱਕ ਮਹੱਤਵਪੂਰਨ ਸੰਪਤੀ ਹੈ।

ਉਨਾਂ ਦੱਸਿਆ ਕਿ ਇਹ ਰਿਫਰੈਸ਼ਰ ਕੋਰਸ ਗੱਤਕਾ ਖੇਡ ਦੀ ਇੱਕ ਮਹੱਤਵਪੂਰਨ ਬੁਨਿਆਦ ਉਸਾਰਨ ਲਈ ਤਿਆਰ ਕੀਤਾ ਗਿਆ ਹੈ। ਇਹ ਕੋਰਸ ਸਿਰਫ਼ ਇੱਕ ਸਿਖਲਾਈ ਪ੍ਰੋਗਰਾਮ ਹੀ ਨਹੀਂ ਹੈ ਸਗੋਂ ਇਹ ਗੱਤਕਾ ਖੇਡ ਦੀ ਭਵਿੱਖ ‘ਚ ਵਿਧੀਵਤ ਤਰੱਕੀ ਲਈ ਇੱਕ ਨਿਵੇਸ਼ ਹੈ। ਅਸੀਂ ਆਫੀਸ਼ੀਅਲਾਂ ਦੀ ਇੱਕ ਅਨੁਸ਼ਾਸਿਤ, ਸਮਰੱਥ, ਤਜਰਬੇਕਾਰ ਅਤੇ ਤਕਨੀਕੀ ਤੌਰ ‘ਤੇ ਨਿਪੁੰਨ ਟੀਮ ਬਣਾ ਰਹੇ ਹਾਂ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਖੇਡ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ।

ਇਸ ਕੋਰਸ ਦੇ ਪ੍ਰਬੰਧਕ ਤੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ‘ਚ ਗੱਤਕਾ ਖੇਡ ਦੀ ਪ੍ਰਮੁੱਖ ਪ੍ਰਬੰਧਕੀ ਸੰਸਥਾ ਵਜੋਂ ਕਾਰਜਸ਼ੀਲ ਐਨ.ਜੀ.ਏ.ਆਈ. ਇਸ ਰਵਾਇਤੀ ਕਲਾ ਨੂੰ ਸੁਰੱਖਿਅਤ ਰੱਖਣ, ਪ੍ਰਫੁੱਲਤ ਕਰਨ ਅਤੇ ਮਿਆਰੀਕਰਨ ਕਰਦੇ ਹੋਏ ਇਸ ਕਲਾ ਨੂੰ ਇੱਕ ਮੁਕਾਬਲੇ ਦੀ ਖੇਡ ਵਜੋਂ ਵਿਕਸਤ ਕਰਨ ‘ਚ ਸਫਲ ਹੋਈ ਹੈ। ਉਨਾਂ ਕਿਹਾ ਕਿ ਐਨ.ਜੀ.ਏ.ਆਈ. ਰਾਸ਼ਟਰ ਪੱਧਰੀ ਚੈਂਪੀਅਨਸ਼ਿਪਾਂ ਅਤੇ ਸਿਖਲਾਈ ਕੋਰਸ ਕਰਵਾਉਣ, ਟੂਰਨਾਮੈਂਟਾਂ ‘ਚ ਤਕਨੀਕੀ ਅਧਿਕਾਰੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ ਦੇਸ਼ ਭਰ ‘ਚ ਗੱਤਕੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ।

Read More: ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜਾਂ ਦਾ ਕਬਜ਼ਾ, ਹਰਿਆਣਵੀ ਗੱਤਕੇਬਾਜ ਦੂਜੇ ਸਥਾਨ ‘ਤੇ ਰਹੇ

Scroll to Top