July 2, 2024 6:27 pm
National Deworming Day

ਕੌਮੀ ਡੀਵਾਰਮਿੰਗ ਦਿਵਸ: ਮੋਹਾਲੀ ਭਰ ’ਚ ਬੱਚਿਆਂ ਨੂੰ ਖਵਾਈਆਂ ਗਈਆਂ ਅਲਬੈਂਡਾਜ਼ੋਲ ਦੀਆਂ ਗੋਲੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਫ਼ਰਵਰੀ 2024: ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਭਰ ’ਚ ਮਨਾਏ ਗਏ ‘ਕੌਮੀ ਡੀਵਾਰਮਿੰਗ ਦਿਵਸ’ (National Deworming Day) ਮੌਕੇ ਅੱਜ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਹ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਰਹੀ ਅਤੇ ਜਿਹੜੇ ਬੱਚੇ ਅੱਜ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਵਾਸਤੇ 12 ਫ਼ਰਵਰੀ ਨੂੰ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਨੇੜਲੀ ਸਿਹਤ ਸੰਸਥਾ ਵਿਚ ਕਿਸੇ ਵੀ ਦਿਨ ਜਾ ਕੇ ਬੱਚਿਆਂ ਨੂੰ ਗੋਲੀ ਖਵਾਈ ਜਾ ਸਕਦੀ ਹੈ। ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਆਪੋ-ਅਪਣੇ ਖੇਤਰਾਂ ਵਿਚ ਪੈਂਦੇ ਸਕੂਲਾਂ ਵਿਚ ਜਾ ਕੇ ਮੁਹਿੰਮ (National Deworming Day) ਦੀ ਸ਼ੁਰੂਆਤ ਕੀਤੀ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਪੇਟ ਦੇ ਕੀੜਿਆਂ ਦੇ ਖ਼ਾਤਮੇ ਦੀ ਅਹਿਮੀਅਤ ਬਾਰੇ ਦੱਸਿਆ।

ਸਿਹਤ ਕਾਮਿਆਂ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਆਂਗਨਵਾੜੀ ਕੇਂਦਰਾਂ ਆਦਿ ਵਿਚ ਜਾ ਕੇ ਬੱਚਿਆਂ ਨੂੰ ਇਹ ਗੋਲੀਆਂ ਖਾਣ ਲਈ ਦਿਤੀਆਂ। ਉਨ੍ਹਾਂ ਕਿਹਾ ਕਿ ਪੇਟ ਦੇ ਕੀੜੇ ਬੱਚੇ ਦੀ ਸਿਹਤ ਲਈ ਬੇਹੱਦ ਨੁਕਸਾਨਦੇਹ ਹੁੰਦੇ ਹਨ। ਪੇਟ ਦੇ ਕੀੜੇ ਪੈਦਾ ਹੋਣ ਨਾਲ ਬੱਚਿਆਂ ਅੰਦਰ ਖ਼ੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਇਸ ਲਈ ਪੇਟ ਦੇ ਕੀੜਿਆਂ ਤੋਂ ਨਿਜਾਤ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ 1 ਤੋਂ 19 ਸਾਲ ਤਕ ਦੇ ਬੱਚਿਆਂ ਨੂੰ ਇਹ ਗੋਲੀ ਜ਼ਰੂਰ ਖਾਣੀ ਚਾਹੀਦੀ ਹੈ। ਹਰ ਬੱਚੇ ਲਈ ਗੋਲੀ ਚਬਾ ਕੇ ਖਾਣਾ ਜ਼ਰੂਰੀ ਹੈ ਚਾਹੇ ਬੱਚੇ ਅੰਦਰ ਪੇਟ ਦੇ ਕੀੜੇ ਹਨ ਜਾਂ ਨਹੀਂ। ਡਾ. ਡੋਗਰਾ ਨੇ ਕਿਹਾ ਕਿ ਪੇਟ ਦੇ ਕੀੜੇ ਮਾਰਨ ਦੇ ਨਾਲ ਨਾਲ ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਬੱਚਿਆਂ ਨੂੰ ਨਹੁੰ ਸਾਫ਼ ਅਤੇ ਛੋਟੇ ਰੱਖਣ, ਹਮੇਸ਼ਾ ਸਾਫ਼Êਪਾਣੀ ਪੀਣ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖਣ, ਅਪਣੇ ਹੱਥ ਸਾਬਣ ਨਾਲ ਧੋਣ ਲਈ ਪ੍ਰੇਰਿਆ।