ਚੰਡੀਗੜ, 22 ਜੂਨ 2023: ਅਮਰੀਕਾ ਦੇ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ‘ਆਰਟੇਮਿਸ ਸਮਝੌਤੇ‘ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਜੋ ਨਾਗਰਿਕ ਪੁਲਾੜ ਖੋਜ ਦੇ ਮੁੱਦੇ ‘ਤੇ ਸਮਾਨ ਸੋਚ ਵਾਲੇ ਦੇਸ਼ਾਂ ਨੂੰ ਇਕੱਠੇ ਕਰਦਾ ਹੈ। ਅਮਰੀਕੀ ਵ੍ਹਾਈਟ ਹਾਊਸ ਨੇ ਇਹ ਵੀ ਕਿਹਾ ਕਿ ਨਾਸਾ ਅਤੇ ਇਸਰੋ 2024 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਮਿਸ਼ਨ ‘ਤੇ ਸਹਿਮਤ ਹੋਏ ਹਨ।
ਓਵਲ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਮੀਟਿੰਗ ਤੋਂ ਪਹਿਲਾਂ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਆਰਟੇਮਿਸ ਸਮਝੌਤੇ ‘ਤੇ ਹਸਤਾਖਰ ਕਰ ਰਿਹਾ ਹੈ, ਜੋ ਮਨੁੱਖਤਾ ਦੇ ਫਾਇਦੇ ਲਈ ਪੁਲਾੜ ਖੋਜ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ।
ਆਰਟੇਮਿਸ ਸਮਝੌਤੇ ਕੀ ਹਨ?
‘ਆਰਟੇਮਿਸ ਸਮਝੌਤੇ’ 1967 ਦੀ ਬਾਹਰੀ ਪੁਲਾੜ ਸੰਧੀ (OST) ‘ਤੇ ਆਧਾਰਿਤ ਹਨ। ਇਹ 21ਵੀਂ ਸਦੀ ਵਿੱਚ ਨਾਗਰਿਕ ਪੁਲਾੜ ਖੋਜ ਦੀ ਅਗਵਾਈ ਕਰਨ ਲਈ ਬਣਾਏ ਗਏ ਸਿਧਾਂਤਾਂ ਦਾ ਇੱਕ ਗੈਰ-ਬੰਧਨ ਵਾਲਾ ਸਮੂਹ ਹੈ। ਇਹ 2025 ਤੱਕ ਚੰਦਰਮਾ ‘ਤੇ ਮਨੁੱਖਾਂ ਨੂੰ ਉਤਾਰਨ ਲਈ ਯੂਐਸ ਦੀ ਅਗਵਾਈ ਵਾਲੀ ਕੋਸ਼ਿਸ਼ ਹੈ, ਜਿਸਦਾ ਅੰਤਮ ਟੀਚਾ ਮੰਗਲ ਅਤੇ ਉਸ ਤੋਂ ਬਾਹਰ ਪੁਲਾੜ ਖੋਜ ਦਾ ਵਿਸਤਾਰ ਹੈ।
ਨਾਸਾ-ਇਸਰੋ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਸਹਿਮਤ
ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਨਾਸਾ (NASA) ਅਤੇ ਇਸਰੋ (ISRO) ਇਸ ਸਾਲ ਮਨੁੱਖੀ ਪੁਲਾੜ ਉਡਾਣ ਵਿੱਚ ਸਹਿਯੋਗ ਲਈ ਇੱਕ ਰਣਨੀਤਕ ਢਾਂਚਾ ਵਿਕਸਤ ਕਰ ਰਹੇ ਹਨ। ਇਸ ਤੋਂ ਇਲਾਵਾ, ਨਾਸਾ ਅਤੇ ਇਸਰੋ ਨੇ ਸਾਲ 2024 ਵਿਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਮਿਸ਼ਨ ‘ਤੇ ਸਹਿਮਤੀ ਜਤਾਈ ਹੈ।