ਸੰਗਰੂਰ, 15 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਲੰਪੀ ਸਕਿੱਨ ਬਿਮਾਰੀ (Lumpy Skin Disease) ਦੀ ਰੋਕਥਾਮ ਲਈ ਸੂਬੇ ਦੇ 25 ਲੱਖ ਪਸ਼ੂਆਂ ਲਈ ਮੁਫ਼ਤ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੀ ਸੰਗਰੂਰ ’ਚ ਸ਼ੁਰੂਆਤ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਥਾਨਕ ਗਊਸ਼ਾਲਾ ਤੋਂ ਕਰਵਾਈ ਗਈ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ Lumpy Skin Disease) ਦੀ ਰੋਕਥਾਮ ਲਈ ਮੁਫ਼ਤ ਵੈਕਸੀਨ ਮੁਹਿੰਮ ਪਸ਼ੂ ਪਾਲਣ ਵਿਭਾਗ ਵਲੋਂ ਚਲਾਈ ਜਾ ਰਹੀ ਹੈ ਜਿਸ ਤਹਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਇਹ ਟੀਕੇ ਮੁਫ਼ਤ ਲਗਾਏ ਜਾਣਗੇ। ਉਨਾਂ ਜ਼ਿਲੇ ਦੇ ਪਸ਼ੂ ਪਾਲਕਾਂ ਅਤੇ ਗਊਸ਼ਾਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਆਪਣੇ ਗਾਵਾਂ/ਵੱਛਿਆਂ ਨੂੰ ਮੁਫਤ ਵਿੱਚ ਲਗਵਾਉਣ ਤਾਂ ਜੋ ਪਸ਼ੂਆਂ ਦਾ ਇਸ ਮਾਰੂ ਬਿਮਾਰੀ ਤੋਂ ਬਚਾਅ ਹੋ ਸਕੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ 1.6 ਲੱਖ ਖੁਰਾਕਾਂ ਗੋਟਪੋਕਸ ਵੈਕਸੀਨ ਦੀਆਂ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ 54 ਟੀਮਾਂ ਬਣਾ ਕੇ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਇਹ ਵੈਕਸੀਨ ਮੁਫਤ ਲਗਾਈ ਜਾਵੇਗੀ ਤੇ ਇਹ ਕੰਮ 8 ਹਫ਼ਤਿਆਂ ਵਿੱਚ ਪੂਰਾ ਹੋਵੇਗਾ।