Narendra Modi

ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਐਨਡੀਏ ਸੰਸਦੀ ਦਲ ਦੇ ਆਗੂ ਬਣੇ

ਚੰਡੀਗੜ੍ਹ, 07 ਜੂਨ 2024: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਨਰਿੰਦਰ ਮੋਦੀ (Narendra Modi) ਸ਼ੁੱਕਰਵਾਰ ਨੂੰ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸੰਸਦੀ ਦਲ ਦੀ ਬੈਠਕ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ ਆਪਣੇ ਮੱਥੇ ‘ਤੇ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਐਨਡੀਏ ਸੰਸਦੀ ਦਲ ਦਾ ਆਗੂ ਚੁਣ ਲਿਆ ਗਿਆ। ਇਸ ਤੋਂ ਬਾਅਦ ਐਨਡੀਏ ਆਗੂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਬਾਅਦ ਐਤਵਾਰ ਨੂੰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

ਸੰਸਦ ਭਵਨ ਦੀ ਪੁਰਾਣੀ ਇਮਾਰਤ ਵਿੱਚ ਸਥਿਤ ਸੰਵਿਧਾਨਕ ਹਾਲ ਵਿੱਚ ਐਨਡੀਏ ਦੀ ਬੈਠਕ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਆਗੂ ਚੁਣਨ ਦੀ ਤਜਵੀਜ਼ ਰੱਖੀ, ਜਿਸ ਨੂੰ ਸਾਰੇ ਸਹਿਯੋਗੀਆਂ ਨੇ ਮਨਜ਼ੂਰ ਕਰ ਲਿਆ। ਮਨਜ਼ੂਰੀ ਤੋਂ ਬਾਅਦ ਸਾਰੇ ਆਗੂਆਂ ਨੇ ਆਵਾਜ਼ੀ ਵੋਟ ਰਾਹੀਂ ਮੋਦੀ ਨੂੰ ਆਪਣਾ ਆਗੂ ਚੁਣ ਲਿਆ।

ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਪ੍ਰਹਿਲਾਦ ਜੋਸ਼ੀ ਨੇ ਐਨਡੀਏ ਸੰਸਦੀ ਦਲ ਦੀ ਬੈਠਕ ‘ਚ ਕਿਹਾ ਕਿ ਨਰਿੰਦਰ ਮੋਦੀ (Narendra Modi)  ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਜੋਸ਼ੀ ਨੇ ਮੋਦੀ ਨੂੰ ਆਪਣਾ ਆਗੂ ਚੁਣਨ ਲਈ ਇੱਥੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇਕੱਠੇ ਹੋਏ ਐਨਡੀਏ ਆਗੂਆਂ ਨੂੰ ਦੱਸਿਆ ਕਿ ਸਹੁੰ ਚੁੱਕ ਸਮਾਗਮ 9 ਜੂਨ ਨੂੰ ਸ਼ਾਮ 6 ਵਜੇ ਹੋਵੇਗਾ। ਬੈਠਕ ਵਿੱਚ ਐਨਡੀਏ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਗਠਜੋੜ ਦੇ ਸੀਨੀਅਰ ਆਗੂ ਹਾਜ਼ਰ ਸਨ।

Scroll to Top