ਅੰਮ੍ਰਿਤਸਰ ‘ਚ ਤੁਰਕੀ ਸਥਿਤ ਤਸਕਰ ਦੇ ਸਮਰਥਨ ਵਾਲੇ ਨਾਰਕੋ-ਹਵਾਲਾ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ, 13 ਮਈ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant singh maan) ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਅੰਤਰਰਾਸ਼ਟਰੀ ਨਸ਼ਾ ਤਸਕਰੀ ਅਤੇ ਹਵਾਲਾ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤੁਰਕੀ ਸਥਿਤ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਨਾਲ ਜੁੜੇ ਨਾਰਕੋ-ਹਵਾਲਾ ਗਿਰੋਹ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਟੈਕਸੀ ਡਰਾਈਵਰ ਗੁਰਦੀਪ ਸਿੰਘ (gurdeep singh) ਉਰਫ਼ ਸਾਬ (35) ਵਾਸੀ ਅੰਮ੍ਰਿਤਸਰ, ਪ੍ਰਦੀਪ ਸ਼ਰਮਾ (29) ਜੋ ਕਿ ਰਾਜਸਥਾਨ ਦੇ ਬੀਕਾਨੇਰ ਦਾ ਇੱਕ ਕੱਪੜਾ ਦੁਕਾਨਦਾਰ ਹੈ ਅਤੇ ਮਨੀ ਸ਼ਰਮਾ (36) ਜੋ ਕਿ ਲੁਧਿਆਣਾ ਦਾ ਇੱਕ ਕੱਪੜਾ ਕਾਰੋਬਾਰੀ ਹੈ, ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 1.10 ਕਿਲੋ ਹੈਰੋਇਨ, 1.06 ਕਰੋੜ ਰੁਪਏ ਦੀ ਹਵਾਲਾ ਮਨੀ (84.02 ਲੱਖ ਰੁਪਏ ਨਕਦ ਅਤੇ 22 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਜਮ੍ਹਾ), ਪੈਸੇ ਗਿਣਨ ਵਾਲੀ ਮਸ਼ੀਨ, ਅਤੇ ਉਸਦੀ ਸਵਿਫਟ ਡਿਜ਼ਾਇਰ ਕਾਰ (ਬਿਨਾਂ ਨੰਬਰ ਪਲੇਟ ਦੇ) ਜ਼ਬਤ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗੁਰਦੀਪ ਆਪਣੇ ਹੈਂਡਲਰ ਨਵ ਭੁੱਲਰ ਦੇ ਇਸ਼ਾਰੇ ‘ਤੇ ਸਥਾਨਕ ਹਵਾਲਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ ਅਤੇ ਨਵ ਭੁੱਲਰ ਉਸਨੂੰ ਅੰਮ੍ਰਿਤਸਰ (america) ਵਿੱਚ ਛੁਪਣਗਾਹ ਵਜੋਂ ਵਰਤਣ ਲਈ ਇੱਕ ਘਰ ਅਤੇ ਗਿਰੋਹ ਨੂੰ ਚਲਾਉਣ ਲਈ ਸਾਰੀ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਨਵ ਭੁੱਲਰ ਵੱਖ-ਵੱਖ ਕੇਂਦਰੀ ਅਤੇ ਰਾਜ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨਾਲ ਸਬੰਧਤ ਵੱਡੇ ਮਾਮਲਿਆਂ ਵਿੱਚ ਲੋੜੀਂਦਾ ਹੈ।

ਡੀਜੀਪੀ ਨੇ ਕਿਹਾ ਕਿ ਇਸ ਗਿਰੋਹ ਦੇ ਪੁਰਾਣੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀਆਂ ‘ਤੇ ਕਾਰਵਾਈ ਕਰਦਿਆਂ, ਇੰਚਾਰਜ ਸੀਆਈਏ-1 ਅਮੋਲਕਦੀਪ ਸਿੰਘ ਨੇ ਪੁਲਿਸ ਟੀਮ ਨਾਲ ਰਣਨੀਤਕ ਤੌਰ ‘ਤੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਗੁਰਦੀਪ ਸਿੰਘ ਉਰਫ਼ ਸਾਬ ਨੂੰ ਲੋਕ ਹਾਰਟ ਸਕੂਲ, ਰਾਮ ਤੀਰਥ ਰੋਡ, ਅੰਮ੍ਰਿਤਸਰ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਦੀ ਇੱਕ ਖੇਪ ਬਰਾਮਦ ਕੀਤੀ। ਇਹ ਕਾਰਵਾਈ ਡੀਸੀਪੀ ਡਿਟੈਕਟਿਵ ਰਵਿੰਦਰਪਾਲ ਸਿੰਘ, ਏਡੀਸੀਪੀ ਡਿਟੈਕਟਿਵ ਜਗਬਿੰਦਰ ਸਿੰਘ ਅਤੇ ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੀਤੀ ਗਈ।

Read More: ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ, ਫਾਜ਼ਿਲਕਾ ‘ਚ ਤਿੰਨ ਨ.ਸ਼ਾ ਤਸਕਰ 60 ਹਜ਼ਾਰ ਟ੍ਰਾਮਾਡੋਲ ਗੋਲੀਆਂ ਸਮੇਤ ਗ੍ਰਿਫ਼ਤਾਰ

Scroll to Top