ਹੁਸ਼ਿਆਰਪੁਰ, 17 ਜੂਨ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਹੁਸ਼ਿਆਰਪੁਰ ਦੇ ਪਿੰਡ ਧੂਤ ਕਲਾਂ ਦੇ ਰਹਿਣ ਵਾਲੇ ਬਰਖਾਸਤ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਗ੍ਰਿਫ਼ਤਾਰੀ ਜਲੰਧਰ ਰੇਂਜ ਵੱਲੋਂ ਧੂਤ ਦੇ ਨਾਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਉਸਦੀ ਜਾਇਜ਼ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਕੀਤੀ ਵਿਜੀਲੈਂਸ ਜਾਂਚ ਤੋਂ ਬਾਅਦ ਕੀਤੀ ਗਈ ਹੈ।
ਵਿਜੀਲੈਂਸ ਬਿਊਰੋ ਮੁਤਾਬਕ ਜਾਂਚ ‘ਚ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ ਦੀ ਮਿਆਦ ਸ਼ਾਮਲ ਹੈ। ਜਾਂਚ ‘ਚ ਖੁਲਾਸਾ ਹੋਇਆ ਕਿ ਇਸ ਸਮੇਂ ਦੌਰਾਨ ਧੂਤ ਦੀ ਸਾਰੇ ਸਰੋਤਾਂ ਅਤੇ ਸਾਧਨਾਂ ਤੋਂ ਕੁੱਲ ਆਮਦਨ 3,58,97,111.59 ਰੁਪਏ ਸੀ, ਜਦੋਂ ਕਿ ਉਨ੍ਹਾਂ ਦਾ ਕੁੱਲ ਖਰਚ ਅਤੇ ਜਾਇਦਾਦ 11,18,34,544.22 ਰੁਪਏ ਸੀ, ਜੋ ਕਿ ਉਨ੍ਹਾਂ ਦੀ ਕਾਨੂੰਨੀ ਆਮਦਨ ਨਾਲੋਂ 7,59,37,432.63 ਰੁਪਏ (211.54 ਪ੍ਰਤੀਸ਼ਤ) ਵੱਧ ਸੀ।
ਵਿਜੀਲੈਂਸ (Vigilance Bureau) ਬੁਲਾਰੇ ਨੇ ਕਿਹਾ ਕਿ ਇਹ ਮਹੱਤਵਪੂਰਨ ਅਸਮਾਨਤਾ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਧੂਤ ਨੇ ਇੱਕ ਸਰਕਾਰੀ ਸੇਵਕ ਵਜੋਂ ਸੇਵਾ ਨਿਭਾਉਂਦੇ ਹੋਏ, ਬੇਹਿਸਾਬ ਚੱਲ ਅਤੇ ਅਚੱਲ ਜਾਇਦਾਦ ਹਾਸਲ ਕੀਤੀ ਅਤੇ ਆਪਣੀ ਕਾਨੂੰਨੀ ਆਮਦਨ ਤੋਂ ਬਹੁਤ ਜ਼ਿਆਦਾ ਖਰਚ ਕੀਤਾ, ਜੋ ਕਿ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ।
ਇਸ ਸਬੰਧ ‘ਚ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਜਲੰਧਰ ਰੇਂਜ ‘ਚ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ ਕੱਲ੍ਹ ਸਮਰੱਥ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Read More: ਵਿਜੀਲੈਂਸ ਬਿਊਰੋ ਨੇ ਸੈਨੀਟੇਸ਼ਨ ਇੰਸਪੈਕਟਰ ਨੂੰ ਰਿਸ਼ਵਤ ਮਾਮਲੇ ‘ਚ ਕੀਤਾ ਗ੍ਰਿਫ਼ਤਾਰ