June 28, 2024 9:31 pm
SGPC

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਜਾਵੇਗਾ ਨਗਰ ਕੀਰਤਨ: SGPC ਪ੍ਰਧਾਨ

ਅੰਮ੍ਰਿਤਸਰ, 5 ਜਨਵਰੀ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)  ਦੇ ਮੁੱਖ ਦਫਤਰ ਵਿੱਚ ਅੱਜ ਐਸਜੀਪੀਸੀ ਦੀ ਐਗਜੈਕਟਿਵ ਦੀ ਬੈਠਕ ਹੋਈ, ਜਿਸ ਦੇ ਵਿੱਚ ਅਹਿਮ ਮਤੇ ਪਾਸ ਕੀਤੇ ਗਏ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਿਹਾਂਤ ‘ਤੇ ਸ਼ੋਕ ਮਤਾ ਪਾ ਕੇ ਮੂਲ ਮੰਤਰ ਦਾ ਜਾਪ ਕੀਤਾ ਗਿਆ |

ਇਸਤੋਂ ਬਾਅਦ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਊਂਡ ਸਿਸਟਮ ਕਾਫ਼ੀ ਪੁਰਾਣਾ ਹੋ ਚੁੱਕਾ ਹੈ ਅਤੇ ਉਸ ਨੂੰ ਬਦਲਣ ਦਾ ਮਤਾ ਅੱਜ ਪਾਸ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਾ ਲਾਈਵ ਪ੍ਰਸਾਰਨ ਨਿੱਜੀ ਕੇਬਲ ਤੋਂ ਹਟਾ ਕੇ ਹੁਣ ਐਸਜੀਪੀਸੀ ਦੇ ਪੇਜ਼ ਤੋਂ ਲਾਈਵ ਕੀਤਾ ਜਾਵੇਗਾ |

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਸਜੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਦੋ ਦਿਨ ਪਹਿਲਾਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ;ਤੇ ਪਾਸ ਕਰ ਰਹੀ ਸੀ ਤੇ ਉਸ ਦੀ ਰਿਪੋਰਟ ਹੁਣ ਤਿਆਰ ਕਰ ਲਈ ਗਈ ਹੈ ਜੋ ਕਿ ਤਿੰਨ ਦਿਨਾਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਜਾਵੇਗੀ |

ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਗ੍ਰੰਥੀ ਸਿੰਘ ਸੇਵਾਵਾਂ ਨਿਭਾ ਰਹੇ ਹਾਂ ਉਹਨਾਂ ਨੂੰ ਸਾਡੀ ਮਰਿਆਦਾ ਅਨੁਸਾਰ ਚੌਲੀ ਵਾਲਾ ਪਜਾਮਾ ਪਾਉਣ ਦੀ ਹਦਾਇਤਾਂ ਕੀਤੀਆਂ ਗਈਆਂ ਹਨ ਜੋ ਕਿ ਯੂਨੀਫਾਰਮ ਕੋਡ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ 17 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪਟਨਾ ਸਾਹਿਬ ਦੀ ਧਰਤੀ ‘ਤੇ ਬੜੇ ਹੀ ਸਤਿਕਾਰ ਨਾਲ ਮਨਾਇਆ ਜਾਵੇਗਾ, ਉੱਥੇ ਹੀ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ |

17 ਜਨਵਰੀ ਨੂੰ ਆਤਿਸ਼ਬਾਜੀ ਦੀਪਮਾਲਾ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਜਾਵੇਗੀ ਲੇਕਿਨ 10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਇਹ ਨਗਰ ਕੀਰਤਨ 600 ਕਿਲੋਮੀਟਰ ਦਾ ਰਹੇਗਾ ਅਤੇ 16 ਜਨਵਰੀ ਨੂੰ ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ | ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਤੇ ਖਾਸ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਿਤ ਕੀਤਾ ਗਿਆ ਸੀ|

ਜਿਸ ਦੇ ਵਿੱਚ ਐਸਜੀਪੀਸੀ (SGPC) ਪ੍ਰਧਾਨ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 12 ਦਸੰਬਰ 2023 ਨੂੰ ਲਿਖਿਆ ਗਿਆ ਸੀ ਜਿਸ ਦਾ ਕਿ ਜਵਾਬ 23 ਦਸੰਬਰ 2023 ਨੂੰ ਹੁਣ ਉਸ ਮਾਮਲੇ ਵਿੱਚ 31 ਦਸੰਬਰ ਦੀ ਆਖ਼ਰੀ ਤਾਰੀਖ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸੀ ਅਤੇ ਹੁਣ ਉਸ ਮਾਮਲੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਤੇਜ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 27 ਜਨਵਰੀ ਤੱਕ ਦਾ ਸਮਾਂ ਐਸਜੀਪੀਸੀ ਨੇ ਦਿੱਤਾ ਹੈ। 27 ਜਨਵਰੀ ਤੱਕ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਪਰ ਗੰਭੀਰਤਾ ਨਾਲ ਵਿਚਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ।