ਬਟਾਲਾ, 22 ਸਤੰਬਰ 2023: ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ ਨੂੰ ਲੈ ਕੇ ਅੱਜ ਵੱਡੀ ਗਿਣਤੀ ‘ਚ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀਆਂ, ਜਿੱਥੇ ਬੀਤੇ ਦਿਨ ਸੁਲਤਾਨਪੁਰ ਲੋਧੀ ਤੋਂ ਇਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਪਹੁੰਚਿਆ | ਉਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਅਤੇ ਉਥੇ ਹੀ ਗੁਰੂ ਨਾਨਕ ਸਾਹਿਬ ਦੇ ਅਨੰਦ ਕਾਰਜ਼ ਹੋਏ |
ਇਸਦੇ ਧਾਰਮਿਕ ਅਸਥਾਨ ਤੋਂ ਅੱਜ ਇਕ ਮਹਾਨ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਾਂ ਦੀ ਅਗਵਾਈ ‘ਚ ਆਰੰਭ ਹੋਇਆ ਅਤੇ ਅੱਜ ਪੂਰਾ ਦਿਨ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ ‘ਚ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ |
ਉਥੇ ਹੀ ਨਗਰ ਕੀਰਤਨ ਚ ਪੰਜਾਬ ਪੁਲਿਸ ਬੈਂਡ ਅਤੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ | ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਨਗਰ ਕੀਰਤਨ ‘ਚ ਪਹੁੰਚੇ ਅਤੇ ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਪਹੁੰਚੇ |
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਤਾਦਾਦ ‘ਚ ਸੰਗਤ ਦੀ ਆਮਦ ਹੈ ਅਤੇ ਉਹਨਾਂ ਵਲੋਂ ਵੀ ਇੰਤਜ਼ਾਮ ਪੂਰੇ ਕੀਤੇ ਗਏ ਹਨ | ਉਥੇ ਹੀ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾ ਨਾਲ ਹਰ ਸਿੱਖ ਨੂੰ ਜੋੜਨ ਦੀ ਲੋੜ ਹੈ ਅਤੇ ਉਥੇ ਹੀ ਇਸ ਪੁਰਬ ਨੂੰ ਲੈ ਕੇ ਸੰਗਤ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ | ਬਟਾਲਾ ਦੇ ਲੋਕਾਂ ਵੱਲੋਂ ਵੀ ਥਾਂ-ਥਾਂ ‘ਤੇ ਸੰਗਤ ਦੇ ਸਵਾਗਤ ਲਈ ਲੰਗਰ ਆਦਿ ਸੇਵਾ ਅਤੇ ਜੀ ਆਇਆ ਨੂੰ ਕੀਤਾ ਜਾ ਰਿਹਾ ਹੈ |