ਨਾਭਾ ਪਾਵਰ ਲਿਮਟਿਡ

ਨਾਭਾ ਪਾਵਰ ਲਿਮਟਿਡ ਦੇ 641 ਕਰੋੜ ਦਾ ਬਿਜਲੀ ਉਤਪਾਦਨ ਪ੍ਰੋਜੈਕਟ ਪੰਜਾਬ ਲਈ ਅਹਿਮ: ਪੰਜਾਬ ਸਰਕਾਰ

ਚੰਡੀਗੜ੍ਹ, 11 ਅਕਤੂਬਰ 2025: ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.) ਦਾ 641 ਕਰੋੜ ਰੁਪਏ ਦਾ ਬਿਜਲੀ ਉਤਪਾਦਨ ਪ੍ਰੋਜੈਕਟ ਪੰਜਾਬ ਲਈ ਕਾਫ਼ੀ ਅਹਿਮ ਹੈ। ਸਰਕਾਰ ਮੁਤਾਬਕ ਇਹ ਪ੍ਰੋਜੈਕਟ ਸਸਤੀ ਅਤੇ ਸਾਫ਼ ਬਿਜਲੀ ਦੇ ਨਾਲ-ਨਾਲ 500 ਨੌਕਰੀਆਂ ਪੈਦਾ ਕਰੇਗਾ ਅਤੇ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰੇਗਾ |

ਸਰਕਾਰੀ ਬੁਲਾਰੇ ਮੁਤਾਬਕ ਨਾਭਾ ਪਾਵਰ ਲਿਮਟਿਡ, ਜੋ ਲਾਰਸਨ ਐਂਡ ਟੂਬਰੋ (ਐਲ.ਐਂਡ.ਟੀ.) ਦੀ ਪੂਰੀ ਮਾਲਕੀ ਵਾਲੀ ਕੰਪਨੀ ਹੈ, ਉਨ੍ਹਾਂ ਨੇ ਪਟਿਆਲਾ ਦੇ ਰਾਜਪੁਰਾ ਵਿਖੇ ਆਪਣੇ 1,400 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਨੂੰ ਸੂਰਜੀ ਊਰਜਾ ਦੇ ਨਾਲ ਮਿਸ਼ਰਤ (ਹਾਈਬ੍ਰਿਡ) ਮਾਡਲ ‘ਚ ਬਦਲਣ ਦੀ ਅਹਿਮ ਯੋਜਨਾ ਸ਼ੁਰੂ ਕੀਤੀ ਹੈ।

ਇਸ 641 ਕਰੋੜ ਰੁਪਏ ਦੇ ਪ੍ਰੋਜੈਕਟ ਵਿੱਚ ਸੂਰਜੀ ਊਰਜਾ ਨੂੰ ਥਰਮਲ ਪਲਾਂਟ ਨਾਲ ਜੋੜਿਆ ਜਾਵੇਗਾ, ਜਿਸ ਨਾਲ ਪ੍ਰਦੂਸ਼ਣ ‘ਚ 15 ਪ੍ਰਤੀਸ਼ਤ ਦੀ ਕਮੀ ਆਵੇਗੀ ਅਤੇ ਵਾਤਾਵਰਣ ਦੀ ਰੱਖਿਆ ਹੋਵੇਗੀ। ਇਹ ਪ੍ਰੋਜੈਕਟ 500 ਨਵੀਆਂ ਨੌਕਰੀਆਂ ਪੈਦਾ ਕਰੇਗਾ, ਜਿਨ੍ਹਾਂ ‘ਚ ਸਥਾਨਕ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਯੋਜਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨਾਲ 25 ਸਾਲਾਂ ਦੇ ਪਾਵਰ ਖਰੀਦ ਸਮਝੌਤੇ ਤਹਿਤ ਚੱਲੇਗੀ, ਜਿਸ ਨਾਲ ਪੰਜਾਬ ਨੂੰ ਸਸਤੀ ਅਤੇ ਸਾਫ਼ ਬਿਜਲੀ ਮਿਲੇਗੀ। ਇਹ ਪ੍ਰੋਜੈਕਟ ਦਸੰਬਰ 2025 ਤੱਕ ਸ਼ੁਰੂ ਹੋਵੇਗਾ ਅਤੇ 2026 ਤੱਕ ਪੜਾਅਵਾਰ ਤਰੀਕੇ ਨਾਲ ਪੂਰਾ ਹੋਵੇਗਾ, ਜਿਸ ਨਾਲ ਪੰਜਾਬ ਦੀ ਨਵਿਆਉਣਯੋਗ ਊਰਜਾ ਸਮਰੱਥਾ ‘ਚ ਮਹੱਤਵਪੂਰਨ ਵਾਧਾ ਹੋਵੇਗਾ।

ਨਾਭਾ ਪਾਵਰ ਦੇ ਇਸ ਪ੍ਰੋਜੈਕਟ ਨਾਲ ਪੰਜਾਬ ਦੀ ਉਦਯੋਗਿਕ ਪ੍ਰਣਾਲੀ ਨੂੰ ਨਵੀਂ ਤਾਕਤ ਮਿਲੇਗੀ। ਰਾਜਪੁਰਾ ਦਾ ਥਰਮਲ ਪਲਾਂਟ ਪਹਿਲਾਂ ਹੀ ਪੰਜਾਬ ਦੀਆਂ ਬਿਜਲੀ ਲੋੜਾਂ ਦਾ ਵੱਡਾ ਹਿੱਸਾ ਪੂਰਾ ਕਰਦਾ ਹੈ, ਜੋ ਗੈਰ-ਪੀਕ ਸੀਜ਼ਨ ‘ਚ 40 ਫੀਸਦੀ ਅਤੇ ਪੀਕ ਸੀਜ਼ਨ ‘ਚ 20 ਫੀਸਦੀ ਬਿਜਲੀ ਦਿੰਦਾ ਹੈ। ਸੂਰਜੀ ਊਰਜਾ ਦੇ ਏਕੀਕਰਨ ਨਾਲ ਇਹ ਪਲਾਂਟ ਵਾਤਾਵਰਣ ਲਈ ਹੋਰ ਵੀ ਬਿਹਤਰ ਬਣੇਗਾ।

2025 ‘ਚ ਕੇਂਦਰ ਸਰਕਾਰ ਦੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ.) ਨੇ ਐਨ.ਪੀ.ਐਲ. ਨੂੰ ਵਾਤਾਵਰਣ ਸੁਰੱਖਿਆ ਲਈ ਪੁਰਸਕਾਰ ਦਿੱਤਾ ਹੈ। ਇਹ ਪ੍ਰੋਜੈਕਟ ਪੰਜਾਬ ਦੀ ਸਾਫ਼ ਊਰਜਾ ਪਹਿਲ ਨੂੰ ਮਜ਼ਬੂਤ ਕਰਦੇ ਹੋਏ ਦੇਸ਼ ਦੇ ਘਰੇਲੂ ਨਿਵੇਸ਼ ਅਤੇ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਦੀ ਤਾਕਤ ਨੂੰ ਰੇਖਾਂਕਿਤ ਕਰਦਾ ਹੈ।

ਪੰਜਾਬ ਸਰਕਾਰ ਦੀਆਂ ਹੋਰ ਸਾਫ਼ ਊਰਜਾ ਯੋਜਨਾਵਾਂ ਵੀ ਇਸ ਦਿਸ਼ਾ ‘ਚ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। 66 ਨਵੇਂ ਸੂਰਜੀ ਪਲਾਂਟਾਂ ਦੀ ਯੋਜਨਾ ਦਸੰਬਰ 2025 ਤੱਕ 264 ਮੈਗਾਵਾਟ ਸਾਫ਼ ਬਿਜਲੀ ਦੇਵੇਗੀ, ਜਿਸ ਨਾਲ ਹਰ ਸਾਲ 40 ਕਰੋੜ ਯੂਨਿਟ ਬਿਜਲੀ ਬਣੇਗੀ ਅਤੇ 176 ਕਰੋੜ ਰੁਪਏ ਦੀ ਖੇਤੀ ਸਬਸਿਡੀ ਬਚੇਗੀ। ਇਸ ਯੋਜਨਾ ਨਾਲ 1,056 ਕਰੋੜ ਰੁਪਏ ਦਾ ਨਿਵੇਸ਼ ਆਵੇਗਾ ਅਤੇ 500 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ।

ਪੰਜਾਬ ਊਰਜਾ ਵਿਕਾਸ ਏਜੰਸੀ (ਪੀਡਾ) ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈ.ਆਈ.ਐਸ.ਸੀ.), ਬੰਗਲੌਰ ਨਾਲ ਝੋਨੇ ਦੀ ਪਰਾਲੀ ਤੋਂ ਸਾਫ਼ ਹਾਈਡ੍ਰੋਜਨ ਈਂਧਣ ਬਣਾਉਣ ਲਈ ਸਮਝੌਤਾ ਕੀਤਾ ਹੈ | 40 ਮੈਗਾਵਾਟ ਦੀ ਨਹਿਰ-ਸਿਖਰ ਸੂਰਜੀ ਪ੍ਰੋਜੈਕਟ ਪਾਣੀ ਦੀ ਬਚਤ ਦੇ ਨਾਲ ਬਿਜਲੀ ਬਣਾਏਗਾ। ਸਾਫਰ ਕੰਪਨੀ ਨਾਲ ਫਾਜ਼ਿਲਕਾ ਅਤੇ ਫਿਰੋਜ਼ਪੁਰ ‘ਚ ਸੂਰਜੀ ਫਾਰਮ ਬਣ ਰਹੇ ਹਨ, ਜੋ ਹੋਰ ਨਿਵੇਸ਼ ਲਿਆਉਣਗੇ।

4,238 ਸਰਕਾਰੀ ਸਕੂਲਾਂ ‘ਚ ਸੂਰਜੀ ਪੈਨਲ ਲਗਾ ਕੇ 2.89 ਕਰੋੜ ਯੂਨਿਟ ਬਿਜਲੀ ਬਣ ਰਹੀ ਹੈ। ਰੂਫ਼ਟਾਪ ਸੋਲਰ ਨਾਲ 63.5 ਮੈਗਾਵਾਟ ਪਲਾਂਟ ਲੱਗ ਚੁੱਕੇ ਹਨ ਅਤੇ 3,000 ਅਰਜ਼ੀਆਂ ਲੰਬਿਤ ਹਨ। ਪੀਡਾ ਨੇ 815.5 ਮੈਗਾਵਾਟ ਦੇ ਸੂਰਜੀ ਪਲਾਂਟ ਲਗਾਏ ਹਨ, ਜੋ ਬਿਜਲੀ ਦੇ ਨੁਕਸਾਨ ਨੂੰ ਘੱਟ ਕਰ ਰਹੇ ਹਨ। 5,000 ਕਰੋੜ ਰੁਪਏ ਦੀ ਬਿਜਲੀ ਢਾਂਚਾ ਯੋਜਨਾ ਨਾਲ ਅਗਲੇ ਸਾਲ ਬਿਜਲੀ ਕੱਟ ਖਤਮ ਹੋ ਜਾਣਗੇ। ਇਨ੍ਹਾਂ ਸਾਰੀਆਂ ਯੋਜਨਾਵਾਂ ਨਾਲ 2,000 ਤੋਂ ਵੱਧ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ, ਅਤੇ 2025 ਦੇ ਅੰਤ ਤੱਕ ਇਹ ਗਿਣਤੀ ਦੁੱਗਣੀ ਹੋ ਜਾਵੇਗੀ।

ਸਾਫ਼ ਊਰਜਾ ਮੰਤਰੀ ਅਮਨ ਅਰੋੜਾ ਨੇ ਕਿਹਾ, “ਨਾਭਾ ਪਾਵਰ ਦਾ ਇਹ ਪ੍ਰੋਜੈਕਟ ਪੰਜਾਬ ਲਈ ਵੱਡਾ ਕਦਮ ਹੈ। ਅਸੀਂ ਥਰਮਲ ਤੋਂ ਸੂਰਜੀ ਊਰਜਾ ਵੱਲ ਵੱਧ ਰਹੇ ਹਾਂ, ਜਿਸ ਨਾਲ ਵਾਤਾਵਰਣ ਬਚੇਗਾ ਅਤੇ ਨੌਜਵਾਨਾਂ ਨੂੰ ਹਰੀਆਂ ਨੌਕਰੀਆਂ ਮਿਲਣਗੀਆਂ।

Read More: ਜਾਪਾਨ ਦੀ ਕੰਪਨੀ ਟੌਪਨ ਫਿਲਮਜ਼ ਪੰਜਾਬ ‘ਚ 788 ਕਰੋੜ ਰੁਪਏ ਦਾ ਕਰੇਗੀ ਨਿਵੇਸ਼: ਪੰਜਾਬ ਸਰਕਾਰ

Scroll to Top