July 5, 2024 1:41 am
Myanmar

Myanmar: ਮਿਆਂਮਾਰ ਫੌਜ ਵਲੋਂ ਵਿਦਰੋਹੀਆਂ ‘ਤੇ ਹਵਾਈ ਹਮਲਾ, 50 ਜਣਿਆਂ ਦੀ ਮੌਤ

ਚੰਡੀਗੜ੍ਹ, 11 ਅਪ੍ਰੈਲ 2023: ਮੰਗਲਵਾਰ ਨੂੰ ਮਿਆਂਮਾਰ (Myanmar) ਫੌਜ ਦੇ ਹਵਾਈ ਹਮਲਿਆਂ ‘ਚ 50 ਜਣਿਆਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ 15 ਔਰਤਾਂ ਅਤੇ ਕਈ ਬੱਚੇ ਸ਼ਾਮਲ ਹਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਫ਼ੌਜ ਨੇ ਇਹ ਹਵਾਈ ਹਮਲੇ ਕਥਿਤ ਵਿਦਰੋਹੀਆਂ ਦਾ ਗੜ੍ਹ ਮੰਨੇ ਜਾਣ ਵਾਲੇ ਪਾਜੀਗੀ ਇਲਾਕੇ ‘ਚ ਕੀਤੇ, ਜੋ ਉਥੋਂ ਦੇ ਸਾਗੈਂਗ ਸੂਬੇ ‘ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਦੇ ਸਮੇਂ ਲੋਕ ਦਫਤਰ ਦੇ ਉਦਘਾਟਨ ਲਈ ਇਕੱਠੇ ਹੋਏ ਸਨ। ਇਸ ਨੂੰ ਦੋ ਸਾਲ ਪਹਿਲਾਂ ਤਖਤਾਪਲਟ ਤੋਂ ਬਾਅਦ ਫੌਜ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ।

ਸਾਗੈਂਗ ਖੇਤਰ ਦੇ ਨਿਵਾਸੀਆਂ ਦਾ ਹਵਾਲਾ ਦਿੰਦੇ ਹੋਏ, ਬੀਬੀਸੀ ਬਰਮੀਜ਼, ਰੇਡੀਓ ਫ੍ਰੀ ਏਸ਼ੀਆ (ਆਰਐਫਏ), ਅਤੇ ਇਰਾਵਦੀ ਨਿਊਜ਼ ਪੋਰਟਲ ਦੇ ਮੁਤਾਬਕ ਹਮਲੇ ਵਿੱਚ ਨਾਗਰਿਕਾਂ ਸਮੇਤ 50 ਜਣਿਆਂ ਦੀ ਮੌਤ ਹੋ ਗਈ ਸੀ। ਹਾਲਾਂਕਿ ਨਿਊਜ਼ ਏਜੰਸੀ ਰਾਇਟਰਜ਼ ਨੇ ਇਸ ਮਾਮਲੇ ਵਿੱਚ ਸੱਤਾਧਾਰੀ ਸੈਨਾ ਦੇ ਬੁਲਾਰੇ ਨਾਲ ਅਜੇ ਤੱਕ ਗੱਲ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 14 ਮਾਰਚ ਨੂੰ ਮਿਆਂਮਾਰ ਦੀ ਫੌਜ ਨੇ ਇਕ ਬੋਧੀ ਮੱਠ ‘ਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ 28 ਜਣਿਆਂ ਦੀ ਮੌਤ ਹੋ ਗਈ ਸੀ। ਇਹ ਦਾਅਵਾ ਵਿਦਰੋਹੀ ਸੰਗਠਨ ਕੈਰੇਨੀ ਨੈਸ਼ਨਲਿਸਟ ਡਿਫੈਂਸ ਫੋਰਸ (ਕੇਐਨਡੀਐਫ) ਨੇ ਕੀਤਾ ਹੈ।

ਮਿਆਂਮਾਰ ਦੀ ਫੌਜ ਨੇ 1 ਫਰਵਰੀ, 2021 ਨੂੰ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ । ਇਸ ਤੋਂ ਬਾਅਦ ਉਸਨੂੰ ਅਤੇ ਉਸਦੀ ਸੱਤਾਧਾਰੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਖਿਲਾਫ ਕਈ ਪ੍ਰਦਰਸ਼ਨ ਹੋਏ ਅਤੇ ਲਗਭਗ 2 ਹਜ਼ਾਰ ਹੋਰ ਨਾਗਰਿਕਾਂ ਦੀ ਮੌਤ ਹੋ ਗਈ। ਇਸ ਫੌਜੀ ਕਾਰਵਾਈ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰ ਦਿੱਤਾ।

ਦੋ ਸਾਲ ਪਹਿਲਾਂ ਮਿਆਂਮਾਰ (Myanmar) ‘ਚ ਫੌਜ ਨੇ ਸਰਕਾਰ ‘ਤੇ ਕਬਜ਼ਾ ਕਰ ਲਿਆ ਸੀ। ਇਸ ਬਾਰੇ ਹੁਣ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਮਿਆਂਮਾਰ ਦੇ ਲੋਕਾਂ ਦੀਆਂ ਲੋਕਤਾਂਤਰਿਕ ਇੱਛਾਵਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ । ਉਨ੍ਹਾਂ ਨੇ ਮਿਆਂਮਾਰ ਦੀ ਫੌਜ ਨੂੰ ਚਿਤਾਵਨੀ ਦਿੱਤੀ ਹੈ ਕਿ ਨਾਗਰਿਕਾਂ ਅਤੇ ਰਾਜਨੀਤਿਕ ਨੇਤਾਵਾਂ ‘ਤੇ ਫੌਜ ਦੀ ਯੋਜਨਾਬੱਧ ਚੋਣ ਕਾਰਵਾਈ ਦੇਸ਼ ਵਿੱਚ ਅਸਥਿਰਤਾ ਵਧਾ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸਕੱਤਰ-ਜਨਰਲ ਮਿਆਂਮਾਰ ਵਿੱਚ ਹਰ ਤਰ੍ਹਾਂ ਦੀ ਹਿੰਸਾ ਦੀ ਸਖ਼ਤ ਨਿੰਦਾ ਕਰਦੇ ਹਨ, ਕਿਉਂਕਿ ਇਹ ਦੇਸ਼ ਵਿੱਚ ਸਥਿਤੀ ਨੂੰ ਵਿਗੜ ਰਿਹਾ ਹੈ ਅਤੇ ਗੰਭੀਰ ਖੇਤਰੀ ਪ੍ਰਭਾਵਾਂ ਨੂੰ ਵਧਾ ਰਿਹਾ ਹੈ।