ਚੰਡੀਗੜ੍ਹ, 07 ਸਤੰਬਰ, 2023: ਪੰਜਾਬ ਦੇ ਖੰਨਾ ਦੇ ਪਾਇਲ ‘ਚ ਐੱਨ.ਆਈ.ਆਰ ਦੀ ਘਰਵਾਲੀ ਦੇ ਕਤਲ (Murder) ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕਾ ਦੀ ਲਾਸ਼ ਘਰ ਦੇ ਬੇਸਮੈਂਟ ‘ਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਕਾਤਲ ਨੇ ਮ੍ਰਿਤਕਾ ਦੇ ਫੋਨ ਰਾਹੀਂ ਵਿਦੇਸ਼ ਬੈਠੇ ਉਸ ਦੇ ਪਤੀ ਅਤੇ ਪੁੱਤਰ ਨੂੰ ਧਮਕੀਆਂ ਵੀ ਦਿੱਤੀਆਂ। ਮ੍ਰਿਤਕਾ ਦੀ ਪਛਾਣ 43 ਸਾਲਾ ਰਣਜੀਤ ਕੌਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਵਿੱਚ ਹੈ ਅਤੇ ਦੂਜਾ ਪੁਰਤਗਾਲ ਵਿੱਚ ਹੈ। ਪਾਇਲ ਕੋਲ ਘਰ ਦੇ ਹੇਠਾਂ ਦੁਕਾਨਾਂ ਹਨ, ਜੋ ਕਿਰਾਏ ‘ਤੇ ਦਿੱਤੀਆਂ ਗਈਆਂ ਹਨ। ਰਣਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। 4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਠੀਕ-ਠਾਕ ਦੇਖਿਆ। ਇਸ ਤੋਂ ਬਾਅਦ ਰਣਜੀਤ ਕੌਰ ਨਜ਼ਰ ਨਹੀਂ ਆਈ। ਕੈਨੇਡਾ ਵਿਚ ਉਸ ਦੇ ਪੁੱਤਰ ਨੇ ਆਪਣੀਆਂ ਮਾਤਾ ਨੂੰ ਬੁਲਾਉਣ ਲਈ ਵੀਜ਼ਾ ਲਗਵਾਇਆ ਸੀ। ਅਗਲੇ ਮਹੀਨੇ ਰਣਜੀਤ ਕੌਰ ਆਪਣੇ ਪੁੱਤਰ ਕੋਲ ਜਾਣਾ ਸੀ। ਇਸ ਤੋਂ ਪਹਿਲਾਂ ਉਸ ਦਾ ਕਤਲ (Murder) ਕਰ ਦਿੱਤਾ ਗਿਆ ਸੀ।