ਗੁਰਦਾਸਪੁਰ, 11 ਅਗਸਤ 2023: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ (Batala) ਦੇ ਅਧੀਨ ਪੈਂਦੇ ਪਿੰਡ ਮੀਕਾ ਵਿਖੇ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਇੱਕ ਘਰ ਵਿੱਚ ਸਾਬਕਾ ਫੌਜੀ ਅਤੇ ਉਸਦੀ ਘਰਵਾਲੀ ਦੀ ਲਾਸ਼ ਬਰਾਮਦ ਹੋਈ ਹੈ | ਮ੍ਰਿਤਕਾਂ ਦੀ ਪਹਿਚਾਣ ਸਾਬਕਾ ਬੀਐਸਐਫ ਜਵਾਨ ਲਸ਼ਕਰ ਸਿੰਘ ਅਤੇ ਉਸਦੀ ਪਤਨੀ ਅਮਰੀਕ ਕੌਰ ਵਜੋਂ ਹੋਈ ਹੈ |
ਮ੍ਰਿਤਕਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸਦੇ ਚਾਚਾ ਜੀ ਦਾ ਬੇਟਾ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਉਸਦਾ ਫੋਨ ਆਇਆ ਕਿ ਉਹ ਆਪਣੇ ਘਰ ਫੋਨ ਕਰ ਰਿਹਾ ਹੈ, ਲੇਕਿਨ ਕੋਈ ਫੋਨ ਨਹੀਂ ਚੱਕ ਰਿਹਾ ਅਤੇ ਜਦੋਂ ਉਸਨੇ ਆ ਕੇ ਦੇਖਿਆ ਤਾਂ ਘਰ ਬਾਹਰ ਤਾਲਾ ਲੱਗਾ ਸੀ ਅਤੇ ਸ਼ੱਕ ਹੋਣ ਦੇ ‘ਤੇ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੇ ਤਾਲਾ ਤੋੜ ਅੰਦਰ ਜਾ ਦੇਖਿਆ ਤਾਂ ਘਰ ਦੇ ਅੰਦਰ ਉਸਦੇ ਚਾਚੇ ਅਤੇ ਚਾਚੀ ਦੀਆ ਲਾਸ਼ਾ ਸਨ ਅਤੇ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਲਾਸ਼ਾਂ ਤੋਂ ਜਾਪਦਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਕਿਸੇ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਪੁਲਿਸ ਥਾਣਾ ਘੁਮਾਣ ਚ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਡੀਐਸਪੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ |