ਹੁਸ਼ਿਆਰਪੁਰ , 08 ਜੁਲਾਈ 2023: ਹੁਸ਼ਿਆਰਪੁਰ (Hoshiarpur) ਤੋਂ ਰੂਹ ਨੂੰ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪੈਟਰੋਲ ਪੰਪ ‘ਤੇ ਪੁਰਾਣੀ ਰੰਜਿਸ਼ ਦੇ ਕਾਰਨ 20 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਫਗਵਾੜਾ ਮਾਰਗ ‘ਤੇ ਪੈਂਦੇ ਪਿੰਡ ਪੂੰਗੇ ‘ਤੇ ਰਾਤ ਕਰੀਬ 1 ਵਜੇ ਰਿਲਾਇੰਸ ਪੈਟਰੋਲ ਪੰਪ ‘ਤੇ ਤੇਲ ਪਵਾਉਣ ਆਏ ਕੁਝ ਨੌਜਵਾਨਾਂ ਵਿਚਕਾਰ ਆਪਸੀ ਤਕਰਾਰ ਤੋਂ ਬਾਅਦ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਤਨਵੇ ਸਿੰਘ ਉਰਫ਼ ਧੰਨਾ ਪੁੱਤਰ ਅਵਤਾਰ ਸਿੰਘ ਵਾਸੀ ਰਾਮਗੜ੍ਹ ਮੁਹੱਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੈਟਰੋਲ ਪੰਪ ‘ਤੇ ਪਹਿਲਾਂ ਕਰੀਬ 12 ਨੌਜਵਾਨ ਇਥੇ ਆਉਂਦੇ ਹਨ। ਇਥੇ ਉਕਤ ਨੌਜਵਾਨ ਪਹਿਲਾਂ ਮਸਤੀ ਕਰਦੇ ਨਜ਼ਰ ਆਉਂਦੇ ਹਨ, ਇੰਨਾ ਹੀ ਨਹੀਂ ਉਕਤ ਨੌਜਵਾਨ ਨੱਚਦੇ ਵੀ ਨਜ਼ਰ ਆਉਂਦੇ ਹਨ।
ਤੇਲ ਪਵਾਉਣ ਦੌਰਾਨ ਇਥੇ ਨੌਜਵਾਨ ਤਨਵੇ ਵੀ ਆਪਣੇ 3 ਦੋਸਤਾਂ ਨਾਲ ਫ਼ਿਲਮ ਵੇਖ ਕੇ ਇਥੇ ਪੈਟਰੋਲ ਪਵਾਉਣ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਤਨਵੇ ਦੀ ਉਕਤ ਹਮਲਾਵਰਾਂ ਨਾਲ ਪੁਰਾਣੀ ਰੰਜਿਸ਼ ਸੀ। ਇੰਨੀ ਦੇਰ ਨੂੰ ਤਨਵੇ ਦੇ ਨਾਲ ਉਕਤ ਨੌਜਵਾਨਾਂ ਦੀ ਮੁੜ ਬਹਿਸ ਹੋ ਜਾਂਦੀ ਸੀ। ਇਸੇ ਦੌਰਾਨ ਹੀ ਤੈਸ਼ ਵਿਚ ਆ ਕੇ 12 ਨੌਜਵਾਨਾਂ ਨੇ ਤਨਵੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਕਤ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਪੁਲਿਸ ਵੱਲੋਂ ਹਰ ਪਹਿਲੂ ਦੇ ਆਧਾਰ ‘ਤੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ।