ਚੰਡੀਗੜ੍ਹ,10 ਅਪ੍ਰੈਲ 2023: ਉੱਤਰ ਪ੍ਰਦੇਸ਼ (Uttar Pradesh) ਵਿੱਚ ਨਗਰ ਨਿਗਮ ਚੋਣਾਂ ਦੀ ਤਾਰੀਖ਼ ਬੀਤੇ ਦਿਨ ਐਲਾਨ ਕਰ ਦਿੱਤਾ ਹੈ | ਸੂਬੇ ਵਿੱਚ ਨਗਰ ਨਿਗਮ ਚੋਣਾਂ ਦੋ ਪੜਾਅ ਵਿੱਚ ਹੋਣਗੀਆਂ। ਪਹਿਲੇ ਪੜਾਅ ਵਿੱਚ 18 ਵਿੱਚੋਂ 9 ਮੰਡਲਾਂ ਵਿੱਚ 4 ਮਈ ਨੂੰ ਅਤੇ ਦੂਜੇ ਪੜਾਅ ਵਿੱਚ ਬਾਕੀ 9 ਮੰਡਲਾਂ ਵਿੱਚ 11 ਮਈ ਨੂੰ ਵੋਟਾਂ ਪੈਣਗੀਆਂ। ਇਸ ਤਰ੍ਹਾਂ ਸੂਬੇ ਦੇ ਕੁੱਲ 75 ਜ਼ਿਲ੍ਹਿਆਂ ਵਿੱਚ 13 ਮਈ ਨੂੰ ਇੱਕੋ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ। ਰਾਜ ਚੋਣ ਕਮਿਸ਼ਨਰ ਮਨੋਜ ਕੁਮਾਰ ਨੇ ਚੋਣ ਪ੍ਰੋਗਰਾਮ ਜਾਰੀ ਕਰਕੇ ਸ਼ਹਿਰੀ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਹੈ।
ਰਾਜ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਵਿਖੇ ਚੋਣਾਂ ਦਾ ਐਲਾਨ ਕਰਦਿਆਂ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਹ ਚੋਣ 760 ਨਗਰ ਨਿਗਮ ਵਿੱਚ ਕਰਵਾਈ ਜਾਵੇਗੀ। ਇਨ੍ਹਾਂ ਵਿੱਚੋਂ 17 ਨਗਰ ਨਿਗਮਾਂ, 199 ਨਗਰ ਕੌਂਸਲਾਂ ਅਤੇ 544 ਨਗਰ ਪੰਚਾਇਤਾਂ ਦੀਆਂ 14,684 ਸੀਟਾਂ ’ਤੇ ਚੋਣਾਂ ਹੋਣਗੀਆਂ।
ਪਹਿਲਾ ਪੜਾਅ ਦਾ ਪ੍ਰੋਗਰਾਮ
ਪਹਿਲੇ ਪੜਾਅ ਦੀਆਂ ਚੋਣਾਂ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ 10 ਮਈ ਨੂੰ ਪਬਲਿਕ ਨੋਟਿਸ ਜਾਰੀ ਕੀਤਾ ਜਾਵੇਗਾ। ਚੋਣ ਅਧਿਕਾਰੀ ਵੱਲੋਂ 11 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਮੀਦਵਾਰ 11 ਤੋਂ 17 ਅਪ੍ਰੈਲ ਤੱਕ ਨਾਮਜ਼ਦਗੀ ਪੱਤਰ ਖਰੀਦ ਅਤੇ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਅਪ੍ਰੈਲ ਨੂੰ ਹੋਵੇਗੀ। ਉਮੀਦਵਾਰ 20 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। 21 ਅਪ੍ਰੈਲ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 4 ਮਈ ਨੂੰ ਵੋਟਾਂ ਪੈਣਗੀਆਂ।
ਦੂਜੇ ਪੜਾਅ ਦਾ ਪ੍ਰੋਗਰਾਮ
ਜ਼ਿਲ੍ਹਾ ਮੈਜਿਸਟਰੇਟ ਵੱਲੋਂ 16 ਅਪ੍ਰੈਲ ਨੂੰ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ। ਰਿਟਰਨਿੰਗ ਅਫ਼ਸਰ ਵੱਲੋਂ 17 ਅਪਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਮੀਦਵਾਰ 24 ਅਪ੍ਰੈਲ ਤੱਕ ਨਾਮਜ਼ਦਗੀ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 25 ਅਪ੍ਰੈਲ ਨੂੰ ਹੋਵੇਗੀ। 27 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 28 ਅਪ੍ਰੈਲ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 11 ਮਈ ਨੂੰ ਵੋਟਾਂ ਪੈਣਗੀਆਂ।