ਚੰਡੀਗੜ੍ਹ, 18 ਮਈ 2024: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ (Hardik Pandya) ਦੀਆਂ ਮੁਸ਼ਕਿਲਾਂ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੇ ਹਨ। ਮੁੰਬਈ ਟੀਮ ਦਾ ਇਸ ਸੀਜ਼ਨ ‘ਚ ਸਫਰ ਕਾਫ਼ੀ ਨਿਰਾਸ਼ਾਜਨਕ ਰਿਹਾ ਅਤੇ ਟੀਮ 14 ‘ਚੋਂ ਸਿਰਫ ਚਾਰ ਮੈਚ ਹੀ ਜਿੱਤ ਸਕੀ।
ਮੁੰਬਈ ਨੂੰ ਸ਼ੁੱਕਰਵਾਰ ਨੂੰ ਲਖਨਊ ਸੁਪਰਜਾਇੰਟਸ ਤੋਂ ਵੀ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹਾਰਦਿਕ ‘ਤੇ ਹੌਲੀ ਓਵਰ ਰੇਟ ਲਈ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸੀਜ਼ਨ ‘ਚ ਟੀਮ ਦਾ ਇਹ ਤੀਜਾ ਅਪਰਾਧ ਹੈ, ਇਸ ਲਈ ਪੰਡਯਾ (Hardik Pandya) ਨੂੰ ਵੀ ਇਕ ਮੈਚ ਲਈ ਮੁਅੱਤਲ ਕੀਤਾ ਗਿਆ ਹੈ।
ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ ਕਿ 30 ਲੱਖ ਰੁਪਏ ਦੇ ਜੁਰਮਾਨੇ ਤੋਂ ਇਲਾਵਾ, ਹਾਰਦਿਕ ‘ਤੇ ਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਇੱਕ ਮੈਚ ਦੀ ਪਾਬੰਦੀ ਵੀ ਲਗਾਈ ਗਈ ਹੈ। ਮੁੰਬਈ ਦੇ ਇਸ ਸੀਜ਼ਨ ‘ਚ ਕੋਈ ਮੈਚ ਨਹੀਂ ਬਚਿਆ ਹੈ ਅਤੇ ਟੀਮ ਨੇ ਗਰੁੱਪ ਪੜਾਅ ‘ਚ ਆਪਣੇ ਸਾਰੇ 14 ਮੈਚ ਖੇਡੇ ਹਨ, ਇਸ ਲਈ ਹਾਰਦਿਕ ‘ਤੇ ਇਹ ਮੁਅੱਤਲੀ ਅਗਲੇ ਸੀਜ਼ਨ ਲਈ ਲਾਗੂ ਹੋਵੇਗੀ ਅਤੇ ਉਹ 2025 ਸੀਜ਼ਨ ਦਾ ਪਹਿਲਾ ਮੈਚ ਨਹੀਂ ਖੇਡ ਸਕੇਗਾ। .
ਆਈਪੀਐੱਲ ਨੇ ਬਿਆਨ ‘ਚ ਕਿਹਾ ਕਿ ਹਾਰਦਿਕ ਤੋਂ ਇਲਾਵਾ ਪਲੇਇੰਗ-11 ‘ਚ ਸ਼ਾਮਲ ਟੀਮ ਦੇ ਹੋਰ ਖਿਡਾਰੀਆਂ ‘ਤੇ 12 ਲੱਖ ਰੁਪਏ ਜਾਂ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਪ੍ਰਭਾਵਿਤ ਖਿਡਾਰੀਆਂ ‘ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ ਵੀ ਇਕ ਮੈਚ ਲਈ ਮੁਅੱਤਲ ਕੀਤਾ ਗਿਆ ਸੀ।