ਚੰਡੀਗੜ੍ਹ, 13 ਮਾਰਚ 2024: ਮੁਖਤਾਰ ਅੰਸਾਰੀ (Mukhtar Ansari) ਨੂੰ 33 ਸਾਲ 3 ਮਹੀਨੇ 9 ਦਿਨ ਪੁਰਾਣੇ ਗਾਜ਼ੀਪੁਰ ਫਰਜ਼ੀ ਅਸਲਾ ਲਾਇਸੈਂਸ ਮਾਮਲੇ ‘ਚ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਮਾਮਲੇ ‘ਚ ਉਸ ‘ਤੇ 2 ਲੱਖ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਮੁਖਤਾਰ ਦੀ ਸਜ਼ਾ ਨੂੰ ਲੈ ਕੇ 54 ਪੰਨਿਆਂ ਦਾ ਫੈਸਲਾ ਆਇਆ ਹੈ। ਬਾਂਦਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮੁਖਤਾਰ ਅੰਸਾਰੀ ਨੂੰ ਅੱਠਵੀਂ ਵਾਰ ਸਜ਼ਾ ਸੁਣਾਈ ਗਈ ਹੈ।
ਉਨ੍ਹਾਂ (Mukhtar Ansari) ‘ਤੇ ਆਈਪੀਸੀ 467/120ਬੀ ਤਹਿਤ ਉਮਰ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ, ਧਾਰਾ 420/120ਬੀ ਤਹਿਤ 7 ਸਾਲ ਦੀ ਕੈਦ ਅਤੇ 50,000 ਰੁਪਏ ਜ਼ੁਰਮਾਨਾ, 468/120ਬੀ ਤਹਿਤ 7 ਸਾਲ ਦੀ ਕੈਦ ਅਤੇ 50 ਹਜ਼ਾਰ ਜ਼ੁਰਮਾਨਾ ਅਤੇ ਅਸਲਾ ਐਕਟ ਤਹਿਤ ਛੇ ਮਹੀਨੇ ਦੀ ਕੈਦ ਅਤੇ ਦੋ ਹਜ਼ਾਰ ਜ਼ੁਰਮਾਨਾ ਲਗਾਇਆ ਹੈ |
ਸਪੈਸ਼ਲ ਜੱਜ (ਐਮਪੀ-ਐਮਐਲਏ ਕੋਰਟ) ਅਵਨੀਸ਼ ਗੌਤਮ ਦੀ ਅਦਾਲਤ ਨੇ ਬੁੱਧਵਾਰ ਨੂੰ ਮੁਖਤਾਰ ਅੰਸਾਰੀ ਨੂੰ ਸਜ਼ਾ ਸੁਣਾਈ। ਇਸ ਦੌਰਾਨ ਮੁਖਤਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਸੇ ਅਦਾਲਤ ਨੇ 5 ਜੂਨ 2023 ਨੂੰ ਅਵਧੇਸ਼ ਰਾਏ ਕਤਲ ਕੇਸ ਵਿੱਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮੁਖਤਾਰ ਨੂੰ ਹੁਣ ਤੱਕ ਸੱਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਅੰਸਾਰੀ ਅੱਠਵੇਂ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।