Mukh Mantri Sehat Yojana

ਮੁੱਖ ਮੰਤਰੀ ਸਿਹਤ ਯੋਜਨਾ ਨੇ 2 ਲੱਖ ਪਰਿਵਾਰਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ: ਡਾ. ਬਲਬੀਰ ਸਿੰਘ

ਪੰਜਾਬ, 05 ਅਪ੍ਰੈਲ 2026: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ‘ਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਨਵਾਂ ਰੂਪ ਦੇ ਕੇ ਇਹ ਯਕੀਨੀ ਬਣਾ ਰਹੀ ਹੈ । ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਤੋਂ ਲੈ ਕੇ ਗੁੰਝਲਦਾਰ ਸਰਜਰੀਆਂ ਅਤੇ ਜੀਵਨ ਭਰ ਚੱਲਣ ਵਾਲੇ ਪੁਰਾਣੇ ਗੰਭੀਰ ਰੋਗਾਂ ਦੇ ਇਲਾਜ ਤੱਕ, ਇਹ ਸਕੀਮ ਪੰਜਾਬ ਭਰ ਦੇ ਲੱਖਾਂ ਪਰਿਵਾਰਾਂ ਨੂੰ ਸਮੇਂ ਸਿਰ, ਨਕਦ ਰਹਿਤ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਸਰਕਾਰ ਦੇ ਪ੍ਰੈਸ ਨੋਟ ਮੁਤਾਬਕ ਜਦੋਂ ਏਮਜ਼ ਬਠਿੰਡਾ ਵਿਖੇ 1.5 ਕਿੱਲੋ ਤੋਂ ਵੀ ਘੱਟ ਭਾਰ ਵਾਲੇ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਨੂੰ ਬਚਾਉਣ ਲਈ ਮਕੈਨੀਕਲ ਵੈਂਟੀਲੇਸ਼ਨ ਦੀ ਲੋੜ ਸੀ। ਇਸ ਇਲਾਜ ਦਾ 4.35 ਲੱਖ ਰੁਪਏ ਦਾ ਖਰਚਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਉਠਾਇਆ ਹੈ। ਪੂਰੇ ਪੰਜਾਬ ‘ਚ, 2 ਲੱਖ ਤੋਂ ਵੱਧ ਪਰਿਵਾਰਾਂ ਨੇ ਅਜਿਹੀ ਹੀ ਰਾਹਤ ਮਹਿਸੂਸ ਕੀਤੀ ਹੈ, ਜਿੱਥੇ ਬਗ਼ੈਰ ਕਿਸੇ ਕਰਜ਼ੇ, ਗਹਿਣੇ ਗਿਰਵੀ ਰੱਖਣ ਜਾਂ ਵਿੱਤੀ ਮੱਦਦ ਲਈ ਹਾੜੇ ਕੱਢੇ ਬਿਨਾਂ ਤੁਰੰਤ ਇਲਾਜ ਸ਼ੁਰੂ ਹੋਇਆ।

ਇਸ ਸਕੀਮ ਨੇ 900 ਤੋਂ ਵੱਧ ਸੂਚੀਬੱਧ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ਨੈੱਟਵਰਕ ਰਾਹੀਂ 40,000 ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ ਸਮੇਤ 2 ਲੱਖ ਤੋਂ ਵੱਧ ਇਲਾਜਾਂ ਲਈ 300 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਹਿਤ ਸਿਹਤ ਸੇਵਾ ਪ੍ਰਦਾਨ ਕੀਤੀ ਹੈ। ਇਨ੍ਹਾਂ ‘ਚੋਂ ਹਰੇਕ ਅੰਕੜਾ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਹੈ, ਜਿਸ ਨੂੰ ਸਿਹਤ ਅਤੇ ਵਿੱਤੀ ਬਚਾਅ ‘ਚੋਂ ਕਿਸੇ ਇੱਕ ਨੂੰ ਚੁਣਨ ਦੀ ਲੋੜ ਨਹੀਂ ਪਈ।

ਸਰਕਾਰ ਮੁਤਾਬਕ ਸਭ ਤੋਂ ਵੱਧ ਪ੍ਰਾਪਤ ਕੀਤੇ ਜਾਣ ਵਾਲੇ ਇਲਾਜਾਂ ‘ਚ ਡਾਇਲਸਿਸ, ਦਿਲ ਦੀਆਂ ਬਿਮਾਰੀਆਂ ਦੇ ਇਲਾਜ, ਆਰਥੋਪੀਡਿਕ ਸਰਜਰੀਆਂ, ਕੈਂਸਰ ਦੀ ਦੇਖਭਾਲ, ਅਤੇ ਸ਼ੂਗਰ ਨਾਲ ਸਬੰਧਤ ਪੇਚੀਦਗੀਆਂ ਤੇ ਸਾਹ ਦੀਆਂ ਬਿਮਾਰੀਆਂ ਦੇ ਇਲਾਜ ਸ਼ਾਮਲ ਹਨ, ਜੋ ਇਸ ਸਕੀਮ ਦੇ ਵਿਆਪਕ ਕਲੀਨਿਕਲ ਘੇਰੇ ਨੂੰ ਦਰਸਾਉਂਦੇ ਹਨ।

ਸਰਕਾਰ ਮੁਤਾਬਕ ਇੱਕ ਕੇਸ ‘ਚ ਨਵਦੀਪ ਖ਼ਾਨ, ਜਿਸ ਨੂੰ ਗੁਇਲੇਨ-ਬੈਰੇ ਸਿੰਡਰੋਮ, ਜੋ ਇੱਕ ਦੁਰਲੱਭ ਨਿਊਰੋਲੌਜੀਕਲ ਸਥਿਤੀ ਹੈ,ਜਿਸ ਵਿੱਚ ਇਮਿਊਨ ਸਿਸਟਮ ਦਿਮਾਗ ਦੀਆਂ ਨਸਾਂ ‘ਤੇ ਹਮਲਾ ਕਰਦਾ ਹੈ ਅਤੇ ਜਿਸ ਨਾਲ ਅਚਾਨਕ ਅਧਰੰਗ ਹੋ ਜਾਂਦਾ ਹੈ, ਦਾ ਪਤਾ ਲੱਗਿਆ ਸੀ, ਉਨ੍ਹਾਂ ਨੇ ਬਠਿੰਡਾ ਦੇ ਇੱਕ ਹਸਪਤਾਲ ‘ਚ ਬਿਨਾਂ ਕੋਈ ਭੁਗਤਾਨ ਕੀਤੇ 4.6 ਲੱਖ ਰੁਪਏ ਦਾ ਇਲਾਜ ਕਰਵਾਇਆ। ਉਸਦਾ ਕੇਸ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਇਹ ਸਕੀਮ ਸਿਰਫ਼ ਰੋਜ਼ਾਨਾ ਦੀਆਂ ਪ੍ਰਕਿਰਿਆਵਾਂ ਤੱਕ ਸੀਮਤ ਨਹੀਂ ਹੈ ਬਲਕਿ ਗੰਭੀਰ ਅਤੇ ਅਚਾਨਕ ਆਉਣ ਵਾਲੀਆਂ ਡਾਕਟਰੀ ਐਮਰਜੰਸੀਆਂ ਤੱਕ ਫੈਲੀ ਹੋਈ ਹੈ।

ਗੁਰਦਿਆਂ ਦੀ ਪੁਰਾਣੀ ਬਿਮਾਰੀ ਇੱਕ ਨਿਰੰਤਰ ਚੁਣੌਤੀ ਹੈ, ਜਿਸ ‘ਚ ਜੀਵਨ ਭਰ ਹਰ ਹਫ਼ਤੇ ਕਈ ਵਾਰ ਡਾਇਲਸਿਸ ਦੀ ਲੋੜ ਹੁੰਦੀ ਹੈ। ਇਸ ਸਕੀਮ ਦੇ ਤਹਿਤ, ਪੂਰੇ ਪੰਜਾਬ ‘ਚ 68,000 ਤੋਂ ਵੱਧ ਗੁਰਦਾ ਰੋਗੀਆਂ ਨੂੰ ਨਿਰੰਤਰ ਡਾਇਲਸਿਸ ਇਲਾਜ ਰਾਹੀਂ ਸਹਾਰਾ ਦਿੱਤਾ ਜਾ ਰਿਹਾ ਹੈ, ਜਿਸ ‘ਤੇ 14 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਇਆ ਹੈ। ਅਜਿਹੀ ਸਹਾਇਤਾ ਤੋਂ ਬਿਨਾਂ, ਕਮਜ਼ੋਰ ਆਰਥਿਕਤਾ ਵਾਲੇ ਪਰਿਵਾਰਾਂ ਨੂੰ ਮਹਿੰਗੇ ਇਲਾਜ ਕਰਾਉਣਾ ਬਹੁਤ ਔਖਾ ਹੈ, ਤੇ ਸਕੀਮ ਵਾਰਦਾਨ ਸਾਬਿਤ ਹੋ ਰਹੀ ਹੈ ।

ਸਕੀਮ ਅਧੀਨ ਕੈਂਸਰ ਦੀ ਦੇਖਭਾਲ ਵੀ ਵਿਆਪਕ ਰਹੀ ਹੈ, ਜਿਸ ‘ਚ ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜੀਕਲ ਓਨਕੋਲੋਜੀ ਸਮੇਤ 14,000 ਤੋਂ ਵੱਧ ਇਲਾਜ 35 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਪ੍ਰਦਾਨ ਕੀਤੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮਰੀਜ਼ਾਂ ਨੂੰ ਇਲਾਜ ਦੇ ਸਾਰੇ ਪੜਾਵਾਂ ‘ਚ ਨਿਰਵਿਘਨ ਦੇਖਭਾਲ ਮਿਲੇ।

ਇਸੇ ਤਰ੍ਹਾਂ, ਦਿਲ ਦੀਆਂ ਬਿਮਾਰੀਆਂ ਵਿੱਚ ਉੰਨਤ ਇਲਾਜ ਨੂੰ ਪਹੁੰਚਯੋਗ ਬਣਾਇਆ ਗਿਆ ਹੈ। ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਵਿਖੇ ਟ੍ਰਾਈਕਸਪਿਡ ਵਾਲਵ ਦੀ ਮੁਰੰਮਤ ਦੇ ਨਾਲ ਇੱਕ ਬਹੁਤ ਹੀ ਗੁੰਝਲਦਾਰ ‘ਡਬਲ-ਸਵਿੱਚ ਕਾਰਡੀਅਕ ਆਪ੍ਰੇਸ਼ਨ’, ਜੋ ਕਿ ਭਾਰਤ ‘ਚ ਦਿਲ ਦੀਆਂ ਸਰਜਰੀਆਂ ‘ਚੋਂ ਸਭ ਤੋਂ ਵੱਧ ਤਕਨੀਕੀ ਤੌਰ ‘ਤੇ ਮੁਸ਼ਕਿਲ ਸਰਜਰੀ ਹੈ, ਨੂੰ 4.41 ਲੱਖ ਰੁਪਏ ‘ਚ ਪੂਰੀ ਤਰ੍ਹਾਂ ਕਵਰ ਕੀਤਾ ਗਿਆ । ਨਿਜੀ ਖੇਤਰ ‘ਚ ਅਜਿਹੀਆਂ ਪ੍ਰਕਿਰਿਆਵਾਂ ਦੀ ਕੀਮਤ ਆਮ ਤੌਰ ‘ਤੇ 5 ਲੱਖ ਤੋਂ 8 ਲੱਖ ਰੁਪਏ ਦੇ ਵਿਚਕਾਰ ਹੁੰਦੀ ਹੈ। ਕੁੱਲ ਮਿਲਾ ਕੇ, ਇਸ ਸਕੀਮ ਅਧੀਨ ਐਂਜੀਓਪਲਾਸਟੀ ਅਤੇ ਸਥਾਈ ਪੇਸਮੇਕਰ ਇਮਪਲਾਂਟੇਸ਼ਨ ਸਮੇਤ 5,700 ਤੋਂ ਵੱਧ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਕਵਰ ਕੀਤੇ ਗਏਹਨ, ਜਿਸ ‘ਚ ਦਿਲ ਦੇ ਇਲਾਜ ਦਾ ਕੁੱਲ ਖਰਚਾ 47 ਕਰੋੜ ਰੁਪਏ ਤੋਂ ਵੱਧ ਹੈ।

ਇਸ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਡਾਇਲਸਿਸ, ਦਿਲ ਦੀ ਬਿਮਾਰੀ, ਕੈਂਸਰ, ਇਹ ਅਜਿਹੀਆਂ ਸਥਿਤੀਆਂ ਨਹੀਂ ਹਨ ਜਿਨ੍ਹਾਂ ਵਿਚ ਉਡੀਕ ਦੀ ਗੁਜਾਇਸ਼ ਨਹੀਂ ਹੁੰਦੀ । ਪਿਛਲੇ ਮਹੀਨਿਆਂ ‘ਚ ਹੀ ਇਸ ਸਕੀਮ ਨੇ ਗੁਰਦਾ ਰੋਗੀਆਂ ਲਈ 68,000 ਤੋਂ ਵੱਧ ਡਾਇਲਸਿਸ ਸੈਸ਼ਨਾਂ ਲਈ ਫੰਡ ਦਿੱਤੇ ਹਨ।

ਇਸ ਸਕੀਮ ਦੇ ਪ੍ਰਭਾਵ ਦਾ ਇੱਕ ਮਹੱਤਵਪੂਰਨ ਸੂਚਕ ਗੈਰ-ਸਰਜੀਕਲ ਅਤੇ ਫਾਲੋ-ਅਪ ਦੇਖਭਾਲ ਦੀ ਵਧਦੀ ਗਿਣਤੀ ਹੈ। ਮਰੀਜ਼ ਸਿਰਫ਼ ਐਮਰਜੈਂਸੀ ਦੌਰਾਨ ਹੀ ਇਲਾਜ ਲਈ ਨਹੀਂ ਆ ਰਹੇ ਬਲਕਿ ਸਮੇਂ ਦੇ ਨਾਲ ਇਲਾਜ ਜਾਰੀ ਰੱਖ ਰਹੇ ਹਨ। ਇਹ ਇੱਕ ਵਿਵਹਾਰਕ ਤਬਦੀਲੀ ਨੂੰ ਦਰਸਾਉਂਦਾ ਹੈ, ਜਿੱਥੇ ਲੋਕ ਵਿੱਤੀ ਰੁਕਾਵਟਾਂ ਕਾਰਨ ਦੇਰੀ ਕਰਨ ਦੀ ਬਜਾਏ ਛੇਤੀ ਇਲਾਜ ਦੀ ਮੰਗ ਕਰ ਰਹੇ ਹਨ। ਇਹ ਤਬਦੀਲੀ ਸਕੀਮ ਦੇ ਸਭ ਤੋਂ ਸਾਰਥਕ ਨਤੀਜਿਆਂ ‘ਚੋਂ ਇੱਕ ਹੈ।

Read More: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਗਾ ‘ਚ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨ

ਵਿਦੇਸ਼

Scroll to Top