July 4, 2024 9:20 pm
Mohammad Siraj

ਮੁਹੰਮਦ ਸਿਰਾਜ ਤੇ ਉਮਰਾਨ ਮਲਿਕ ਨੇ ਤਿਲਕ ਲਗਵਾਉਣ ਤੋਂ ਕੀਤਾ ਇਨਕਾਰ, ਆਲੋਚਕਾਂ ਨੇ ਕੀਤਾ ਟ੍ਰੋਲ

ਚੰਡੀਗੜ੍ਹ, 04 ਫ਼ਰਵਰੀ 2023 : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 9 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਦੋਵੇਂ ਟੀਮਾਂ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣਗੀਆਂ। ਇਸ ਤੋਂ ਬਾਅਦ ਤਿੰਨ ਵਨਡੇ ਸੀਰੀਜ਼ ਵੀ ਖੇਡੀ ਜਾਵੇਗੀ ਪਰ ਇਸ ਸੀਰੀਜ਼ ਤੋਂ ਪਹਿਲਾਂ ਹੀ ਭਰਤੀ ਟੀਮ ਦੇ ਦੋ ਅਹਿਮ ਖਿਡਾਰੀ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Mohammad Siraj) ਅਤੇ ਉਮਰਾਨ ਮਲਿਕ (Umran Malik) ਨੇ ਹੋਟਲ ‘ਚ ਤਿਲਕ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਪ੍ਰਸ਼ੰਸਕ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਸਿਰਾਜ  (Mohammad Siraj) ਤੋਂ ਇਲਾਵਾ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਖੇਡ ਸਟਾਫ਼ ਮੈਂਬਰ ਹਰੀ ਪ੍ਰਸਾਦ ਮੋਹਨ ਨੇ ਵੀ ਤਿਲਕ ਨਹੀਂ ਲਗਾਇਆ ਪਰ ਆਲੋਚਕ ਜਾਣਬੁੱਝ ਕੇ ਸਿਰਾਜ ਅਤੇ ਉਮਰਾਨ ਨੂੰ ਨਿਸ਼ਾਨਾ ਬਣਾ ਕੇ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਟੀਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਟੀਮ ਦੇ ਸਾਰੇ ਮੈਂਬਰ ਹੋਟਲ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹੋਟਲ ਸਟਾਫ ਟੀਮ ਦੇ ਸਾਰੇ ਮੈਂਬਰਾਂ ਦਾ ਤਿਲਕ ਲਗਾ ਕੇ ਸਵਾਗਤ ਕਰ ਰਹੀ ਹੈ ਪਰ ਭਾਰਤੀ ਟੀਮ ਦੇ ਕੁਝ ਮੈਂਬਰਾਂ ਨੇ ਤਿਲਕ ਲਗਵਾਉਣ ਤੋਂ ਇਨਕਾਰ ਕਰ ਦਿੱਤਾ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਮਰਾਨ ਮਲਿਕ, ਮੁਹੰਮਦ ਸਿਰਾਜ, ਵਿਕਰਮ ਰਾਠੌਰ ਅਤੇ ਹਰੀ ਪ੍ਰਸਾਦ ਮੋਹਨ ਤਿਲਕ ਲਗਵਾਉਣ ਤੋਂ ਇਨਕਾਰ ਕਰਦੇ ਹਨ। ਹਾਲਾਂਕਿ ਟੀਮ ਦੇ ਬਾਕੀ ਮੈਂਬਰ ਤਿਲਕ ਲਗਾਉਂਦੇ ਹਨ ਅਤੇ ਕਈ ਮੈਂਬਰ ਐਨਕਾਂ ਉਤਾਰ ਕੇ ਵੀ ਤਿਲਕ ਲਗਵਾਉਂਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਸਿਰਾਜ ਅਤੇ ਉਮਰਾਨ ਮਲਿਕ ਆਪਣੇ ਧਰਮ ਨੂੰ ਲੈ ਕੇ ਬਹੁਤ ਕੱਟੜ ਹਨ। ਇਸ ਕਰਕੇ ਦੋਵੇਂ ਤਿਲਕ ਨਹੀਂ ਲਗਵਾ ਰਹੇ |।