ਨਵੀਂ ਦਿੱਲੀ, 28 ਜੂਨ 2023 (ਦਵਿੰਦਰ ਸਿੰਘ): ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਾਹਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਉਹ ਅਕਤੂਬਰ-ਨਵੰਬਰ ਦੌਰਾਨ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕ੍ਰਿਕਟ ਕੱਪ 2023 ਦਾ ਘੱਟੋ-ਘੱਟ ਇੱਕ ਮੈਚ ਮੋਹਾਲੀ (Mohali) ਵਿਚ ਕਰਵਾਉਣ ‘ਤੇ ਵਿਚਾਰ ਕਰਨ।
ਸਾਹਨੀ ਨੇ ਕਿਹਾ ਕਿ ਉਹ ਜੈ ਸ਼ਾਹ, ਸਕੱਤਰ – ਬੀ.ਸੀ.ਸੀ.ਆਈ. ਨੂੰ ਮਿਲਣਗੇ ਜੋ ਕਿ ਆਈ.ਸੀ.ਸੀ. ਬੋਰਡ ਵਿਚ ਭਾਰਤ ਦੀ ਨੁਮਾਇੰਦਗੀ ਵੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੁਹਾਲੀ ਵਿਚ ਵੀ ਵਿਸ਼ਵ ਕ੍ਰਿਕਟ ਕੱਪ ਦੇ ਮੈਚਾਂ ਲਈ ਸ਼ਾਮਲ ਕਰਨ ਦੀ ਬੇਨਤੀ ਕਰਨਗੇ।
ਸਾਹਨੀ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੰਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ ਦਸ ਸਥਾਨਾਂ ਦੀ ਚੋਣ ਕੀਤੀ ਗਈ ਹੈ ਪਰ ਮੁਹਾਲੀ ਦੀ ਚੋਣ ਨਹੀਂ ਕੀਤੀ ਗਈ ਜਦਕਿ ਆਈ ਸੀ ਸੀ ਦੇ ਰੇਟਿੰਗ ਚਾਰਟ ਵਿਚ ਰਇਸਦੀ ਪਿੱਚ ਅਤੇ ਆਊਟਫੀਲਡ ਰੇਟਿੰਗ ਨੂੰ “ਬਹੁਤ ਵਧੀਆ” ਦੱਸਿਆ ਗਿਆ ਹੈ।
ਸਾਹਨੀ ਨੇ ਦੱਸਿਆ ਕਿ ਮੋਹਾਲੀ (Mohali) ਦੇ ਕ੍ਰਿਕਟ ਸਟੇਡੀਅਮ ਵਿੱਚ ਵਿਸ਼ਵ ਕੱਪ ਮੈਚਾਂ ਲਈ ਨਿਰਧਾਰਤ ਕੁਝ ਸਟੇਡੀਅਮਾਂ ਨਾਲੋਂ ਵਧੀਆ ਬੁਨਿਆਦੀ ਢਾਂਚਾ ਅਤੇ ਬਿਹਤਰ ਸਹੂਲਤਾਂ ਉਪਲਬਧ ਹਨ। ਮੁਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਈ ਪੰਜ ਤਾਰਾ ਹੋਟਲ ਅਤੇ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਵੀ ਹੈ। ਉਨ੍ਹਾਂ ਨੇ ਬੀਸੀਸੀਆਈ ਨੂੰ ਅਗਾਮੀ ਭਾਰਤ-ਆਸਟ੍ਰੇਲੀਆ ਕ੍ਰਿਕਟ ਸੀਰੀਜ਼ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਨੂੰ ਸ਼ਾਮਲ ਕਰਨ ਦੀ ਅਪੀਲ ਵੀ ਕੀਤੀ।
ਸਾਹਨੀ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਵਿੱਚ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਗੱਲ ਆਉਂਦੀ ਹੈ ਤਾਂ ਮੋਹਾਲੀ ਕ੍ਰਿਕਟ ਸਟੇਡੀਅਮ ਇੱਕ ਵਿਰਾਸਤ ਦਾ ਦਰਜਾ ਰੱਖਦਾ ਹੈ ਇਥੇ 2011 ਵਿੱਚ ਭਾਰਤ ਬਨਾਮ ਪਾਕਿਸਤਾਨ ਇਤਿਹਾਸਕ ਸੈਮੀਫਾਈਨਲ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ ਅਤੇ ਵੈਸਟਇੰਡੀਜ਼ ਅਤੇ ਆਸਟਰੇਲੀਆ ਵਿਚਕਾਰ 1996 ਦਾ ਸੈਮੀਫਾਈਨਲ ਵੀ ਇਸ ਮਹੱਤਵਪੂਰਣ ਸਟੇਡੀਅਮ ਵਿੱਚ ਖੇਡਿਆ ਗਿਆ ਸੀ।