ਨਵੀਂ ਦਿੱਲੀ, 31 ਅਕਤੂਬਰ 2023 (ਦਵਿੰਦਰ ਸਿੰਘ) : ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਵਿਰਾਸਤੀ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸਾਫ਼-ਸਫ਼ਾਈ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸਾਹਨੀ ਨੇ ਕਿਹਾ ਕਿ 40,000 ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰਣ ਲੈਣ ਲਈ ਸ੍ਰੀ ਦਰਬਾਰ ਸਾਹਿਬ (Sri Darbar Sahib) ਦੀ ਹਾਲ ਹੀ ਵਿੱਚ ਆਪਣੀ ਫੇਰੀ ਦੌਰਾਨ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਸ੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਹੀਂ ਕੀਤੀ ਗਈ ਅਤੇ ਹੈਰੀਟੇਜ ਵਾਕ ਵਾਲੀ ਸੜਕ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਸਾਹਨੀ ਨੇ ਦੱਸਿਆ ਕਿ ਉਹ ਇੱਕ ਰੋਡ ਸਵੀਪਰ ਮਸ਼ੀਨ ਵਾਲਾ ਟਰੱਕ ਮੁਹੱਈਆ ਕਰਵਾਉਣਗੇ ਜੋ ਵਿਰਾਸਤੀ ਗਲੀ ਦੀ ਵਾਰ-ਵਾਰ ਚੰਗੀ ਤਰਾਂ ਸਫ਼ਾਈ ਕਰੇਗਾ। ਇਸ ਦੇ ਨਾਲ ਹੀ ਉਹ ਗਲੀ ਦੇ ਸੁੰਦਰੀਕਰਨ ਲਈ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰਨਗੇ, ਜਿਸ ਵਿੱਚ ਵਧੀਆ ਰੋਸ਼ਨੀ, ਲੇਨ ਦੇ ਦੋਵੇਂ ਪਾਸੇ ਹਰਿਆਲੀ ਅਤੇ ਅਪਾਹਜ ਲੋਕਾਂ ਲਈ ਸੁਚਾਰੂ ਆਵਾਜਾਈ ਵਾਸਤੇ ਸਹੂਲਤਾਂ ਸ਼ਾਮਲ ਹਨ।
ਸਾਹਨੀ ਨੇ ਕਿਹਾ ਕਿ ਲੋਕ ਨੁਮਾਇੰਦੇ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਨੂੰ ਯਕੀਨੀ ਬਣਾਈਏ ਕਿਉਂਕਿ ਦਰਬਾਰ ਸਾਹਿਬ (Sri Darbar Sahib) ਸਿਰਫ਼ ਪੰਜਾਬ ਦੀ ਵਿਰਾਸਤ ਹੀ ਨਹੀਂ ਹੈ, ਸਗੋਂ ਇਹ ਇੱਕ ਵਿਸ਼ਵ ਵਿਰਾਸਤੀ ਸਥਾਨ ਹੈ ਜੋ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। “ਸਾਡੀ ਵਿਰਾਸਤ ਨੂੰ ਸੰਭਾਲਣਾ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਦੀ ਰਾਖੀ ਕਰਨ ਦੇ ਬਰਾਬਰ ਹੈ। ਸਾਹਨੀ ਨੇ ਕਿਹਾ ਕਿ ਮੈਂ ਸਿੱਖ ਵਿਰਸੇ ਦੇ ਖਜ਼ਾਨੇ ਨੂੰ ਸੰਭਾਲਣ ਲਈ ਵਚਨਬੱਧ ਹਾਂ।