July 1, 2024 12:37 am
Vikramjit Singh Sahney

MP ਵਿਕਰਮਜੀਤ ਸਿੰਘ ਸਾਹਨੀ ਨੇ 84 ਦੇ ਸਿੱਖ ਕਤਲੇਆਮ ਦੀਆਂ ਖੁਫੀਆ ਫਾਈਲਾਂ ਨੂੰ ਲੋਕਾਂ ਲਈ ਜਾਰੀ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 2 ਨਵੰਬਰ 2023 (ਦਵਿੰਦਰ ਸਿੰਘ): ਗੁਰਦੁਆਰਾ ਰਕਾਬਗੰਜ ਸਾਹਿਬ, ਨਵੀਂ ਦਿੱਲੀ ਵਿਖੇ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੱਢੇ ਗਏ ਮੋਮਬੱਤੀ ਮਾਰਚ ਦੀ ਅਗਵਾਈ ਕਰਦਿਆਂ, ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ( Vikramjit Singh Sahney) ਨੇ ਕਿਹਾ ਕਿ ਇਹ ਬਰਬਰਪੁਣੇ, ਵਹਿਸ਼ੀਆਨਾ ਅਤੇ ਬੇਰਹਿਮੀ ਦਾ ਪ੍ਰਤੱਖ ਪ੍ਰਦਰਸ਼ਨ ਹੈ ਜੋ ਕਿ ਦਿੱਲੀ ਅਤੇ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਦੀਆਂ ਗਲੀਆਂ ਵਿੱਚ ਨਰ-ਸੰਘਾਰ ਕਰਨ ਵਾਲੇ ਕੁਝ ਵਹਿਸ਼ੀ ਲੋਕਾਂ ਦੁਆਰਾ ਮਿੱਥ ਕੇ ਕੀਤਾ ਗਿਆ ਕਾਰਾ ਸੀ।

ਸਾਹਨੀ (Vikramjit Singh Sahney) ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਲੱਖਾਂ ਰੁਪਏ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁੜ ਵਸੇਬੇ ਲਈ ਅਲਾਟ ਹੋਏ ਫਲੈਟਾਂ ਦੇ ਹੋਮ ਲੋਨ ਦੀ ਅਦਾਇਗੀ ਲਈ ਨੋਟਿਸ ਵੀ ਮਿਲ ਰਹੇ ਹਨ। ਉਹਨਾ ਕਿਹਾ ਕਿ ਦਿੱਲੀ ਅਤੇ ਕੇਂਦਰ ਦੀਆਂ ਦੋਵਾਂ ਸਰਕਾਰਾਂ ਨਾਲ ਬਕਾਇਆ ਬਿਜਲੀ ਬਿੱਲਾਂ ਦੀ ਮੁਆਫੀ ਅਤੇ ਸਾਰੇ ਦੰਗਾ ਪੀੜਤਾਂ ਦੇ ਹੋਮ ਲੋਨ ਦੀ ਵਿਆਜ਼ ਮੁਆਫੀ ਲਈ ਗਲਬਾਤ ਕਰ ਰਹੇ ਹਨ।

ਸਾਹਨੀ ਨੇ ਇਹ ਵੀ ਕਿਹਾ ਕਿ ਉਹਨਾ ਇਹ ਮੁੱਦਾ ਸੰਸਦ ਵਿੱਚ ਵੀ ਉਠਾਇਆ ਸੀ ਅਤੇ ਉਹ ਇਹ ਵਾਰ ਵਾਰ ਕਹਿੰਦੇ ਰਹੇ ਹਨ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ ਆਈਬੀ, ਐਸਆਈਬੀ, ਰਾਅ ਦੀਆਂ ਸਾਰੀਆਂ ਰਿਪੋਰਟਾਂ ਨੂੰ ਲੋਕਾਂ ਲਈ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਘਿਨਾਉਣੀ ਘਟਨਾ ਪਿਛਲੀ ਸਾਜ਼ਿਸ ਦਾ ਪਤਾ ਲੱਗ ਸਕੇ, ਖਾਸਕਰ ਸਿੱਖ ਕੌਮ ਤਾਂ ਸੱਚ ਜਾ ਨਣ ਦੀ ਹੱਕਦਾਰ ਹੈ ਹੀ।

ਸਾਹਨੀ ਨੇ ਕਿਹਾ ਕਿ ਇਸ ਕਤਲੇਆਮ ਵਿਚ 30,000 ਤੋਂ ਵੱਧ ਜਾਨਾਂ ਗਈਆਂ ਸਨ। ਭਾਰਤ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਲਗਭਗ 3 ਲੱਖ ਸਿੱਖਾਂ ਨੂੰ ਆਪਣੇ ਘਰ ਛੱਡ ਕੇ ਦਰ ਦਰ ਭਟਕਣਾ ਪਿਆ। ਕਤਲੇਆਮ ਤੋਂ ਬਾਅਦ ਹੁਣ ਤੱਕ 4 ਨਿਆਂਇਕ ਕਮਿਸ਼ਨ, 9 ਕਮੇਟੀਆਂ ਅਤੇ 2 ਐਸ.ਆਈ.ਟੀ. ਬਣੀਆਂ, ਪਰ ਕਰੀਬ 4 ਦਹਾਕੇ ਗੁਜ਼ਰਨ ਤੋਂ ਬਾਅਦ ਹਾਲੇ ਵੀ ਪੀੜਤ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ। ਸਾਡੇ ਲਈ ਇਹ ਢੁਕਵਾਂ ਸਮਾਂ ਹੈ ਕਿ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ “ਨਿਆਂ ਵਿੱਚ ਦੇਰੀ, ਨਿਆਂ ਤੋਂ ਇਨਕਾਰ ਹੈ” ਦੇ ਸਿਧਾਂਤ ਬਾਰੇ ਮਿਲਕੇ ਸੋਚੀਏ।

ਸਾਹਨੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ ਪਰ ਇਹ ਮਨੁੱਖੀ ਜਾਨ ਦੀ ਕੀਮਤ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ 2019 ਵਿੱਚ ਨਵੀਂ SIT ਦੇ ਗਠਨ ਤੋਂ ਬਾਅਦ, ਉਹ ਪੂਰੇ ਭਾਰਤ ਵਿੱਚ ਦੂਜੇ ਦੇ ਕਈ ਛੋਟੇ ਸ਼ਹਿਰਾਂ ਵਿੱਚ ਨਿਆਂ ਪ੍ਰਾਪਤ ਕਰਨ ਲਈ ਕਾਨੂੰਨੀ ਲੜਾਈ ਵਿਚ ਸਹਾਇਤਾ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਜਿੱਥੇ 1984 ਵਿੱਚ ਦੰਗਾਕਾਰੀਆਂ ਵੱਲੋਂ ਸੈਂਕੜੇ ਸਿੱਖ ਮਾਰੇ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ, ਸਾਡੀ ਕਾਨੂੰਨੀ ਟੀਮ ਨੇ ਪਿਛਲੇ ਕੁਝ ਮਹੀਨਿਆਂ ਵਿੱਚ 43 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਇਆ ਹੈ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਸ. ਸਾਹਨੀ ਨੇ ਦੱਸਿਆ ਕਿ ਕਿਵੇਂ ਉਹਨਾ ਨੇ ਉਸ ਨਸਲਕੁਸ਼ੀ ਵਿੱਚ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ। ਉਹਨਾ ਨੇ ਪ੍ਰਮਾਤਮਾ ਦਾ ਧੰਨਵਾਦ ਵੀ ਕੀਤਾ ਕਿ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਏ, ਕਿਉਂਕਿ ਉਹ ਉਸ ਰੇਲਗੱਡੀ ਵਿੱਚ ਸਵਾਰ ਹੋਣ ਤੋਂ ਖੁੰਝ ਗਏ ਸਨ ਜਿਸਨੂੰ ਬਾਅਦ ਵਿੱਚ ਵਹਿਸ਼ੀ ਦੰਗਾਈਆਂ ਨੇ ਅੱਗ ਲਾ ਦਿੱਤੀ ਸੀ ਅਤੇ ਉਸ ਵਿਚ ਸਵਾਰ ਸਾਰੇ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਸਨ।