ਚੰਡੀਗੜ੍ਹ, 22 ਅਗਸਤ 2023: ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ (Sunny Deol) ਚਰਚਾ ‘ਚ ਹਨ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਕੋਠੀ ਦੀ ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਇਸ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ। ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 2024 ਵਿੱਚ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਸੰਨੀ ਦਿਓਲ (Sunny Deol) ਨੇ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਇੱਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਰਿਹਾ ਹਾਂ। ਉਸ ਨੇ ਕਿਹਾ ਕਿ ਤੁਸੀਂ ਸਿਰਫ਼ ਇੱਕ ਕੰਮ ਕਰ ਸਕਦੇ ਹੋ। ਇੱਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ‘ਚ ਸਿਰਫ 19 ਫੀਸਦੀ ਹਾਜ਼ਰੀ ਹੈ, ਇਸ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮੈਂ ਸੰਸਦ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ।
ਜਿਕਰਯੋਗ ਹੈ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ ‘ਤੇ ਇਸ ਸੀਟ ਤੋਂ ਮੈਂਬਰ ਵੀ ਰਹੇ। ਉਥੇ ਹੀ 2019 ‘ਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੀ ‘ਚ ਪਾ ਦਿੱਤੀ ਸੀ ।