ਨਵੀਂ ਦਿੱਲੀ, 12 ਮਾਰਚ 2026: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਲਾਇਬ੍ਰੇਰੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਮੁੱਦਾ ਚੁੱਕਿਆ | 1984 ‘ਚ ’ਆਪ੍ਰੇਸ਼ਨ ਬਲੂ ਸਟਾਰ’ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤ ਸਰੂਪਾਂ ਅਤੇ ਸਿੱਖ ਸਾਹਿਤ ਸਰਮਾਏ ਨੂੰ ਨੁਕਸਾਨ ਪਹੁੰਚਾਉਣ ਦੀ ਜੋ ਘਟਨਾ ਵਾਪਰੀ ਸੀ, ਉਹ ਬਹੁਤ ਹੀ ਮੰਦਭਾਗੀ ਸੀ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਦੀ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ ‘ਚ ਨੁਕਸਾਨੇ ਗਏ ਸਿੱਖ ਸਾਹਿਤਕ ਸਰਮਾਏ ਦੀ ’ਗਿਆਨ ਭਾਰਤਮ ਮਿਸ਼ਨ’ ਦੇ ਤਹਿਤ ਆਧੁਨਿਕ ਡਿਜੀਟਲ ਸਾਧਨਾਂ ਅਤੇ ਏਆਈ ਨਾਲ ਠੀਕ ਕਰਨ ਦੀ ਸੰਭਾਵਨਾ ’ਤੇ ਕੰਮ ਕਰੇਗੀ।
ਇਸ ਮਿਸ਼ਨ ਦਾ ਉਦੇਸ਼ ਭਾਰਤ ਦੀਆਂ ਹੱਥ-ਲਿਖਤਾਂ ਦੀ ਵਿਰਾਸਤ ਨੂੰ ਸੁਰੱਖਿਅਤ ਕਰਨਾ, ਡਿਜੀਟਾਈਜ਼ ਕਰਨਾ ਅਤੇ ਪ੍ਰਸਾਰਿਤ ਕਰਨਾ ਹੈ। ਕੇਂਦਰੀ ਮੰਤਰੀ ਸ਼ੇਖਾਵਤ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਮਪੀ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੀਤਾ।
ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ‘ਚ ਬਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਵੀਂਨੀਕਰਨ ਦਾ ਮੁੱਦਾ ਪ੍ਰਸ਼ਨ ਕਾਲ ‘ਚ ਚੁੱਕਦਿਆਂ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ 1946 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਣਾਈ ਗਈ ਸੀ ਅਤੇ ਇਸ ‘ਚ 20,000 ਦੇ ਕਰੀਬ ਦੁਰਲੱਭ ਹੱਥ ਲਿਖਤਾਂ ਮੌਜੂਦ ਹਨ, ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਇਤਿਹਾਸ ਨਾਲ ਜੁੜਿਆ ਸਾਹਿਤਕ ਸਰਮਾਇਆ ਮੌਜੂਦ ਹੈ।
ਜਦੋਂ 1984 ‘ਚ ’ਆਪ੍ਰੇਸ਼ਨ ਬਲੂ ਸਟਾਰ’ ਚਲਾਇਆ ਸੀ, ਤਾਂ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ ਸੀ। ਇਹ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਤਕਸ਼ਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀ ‘ਚ ਸਾਡਾ ਇਤਿਹਾਸ ਸਾੜਿਆ ਗਿਆ ਸੀ, ਉੱਥੇ ਸਿੱਖ ਇਤਿਹਾਸ ਨੂੰ ਸਾੜਿਆ ਗਿਆ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ। ਇਹ ਵਿਚਾਰ ਮੈਂਬਰ ਪਾਰਲੀਮੈਂਟ ਸੰਧੂ ਨੇ ’ਨੈਸ਼ਨਲ ਮਿਸ਼ਨ ਆਨ ਲਾਇਬ੍ਰੇਰੀਜ਼’ ਬਾਰੇ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੁੱਛੇ ਗਏ ਇੱਕ ਪੂਰਕ ਸਵਾਲ ‘ਚ ਕਹੇ। ਉਨ੍ਹਾਂ ਨੇ ਆਧੁਨਿਕ ਏ.ਆਈ. ਤਕਨੀਕਾਂ ਅਤੇ ’ਮਲਟੀਸਪੈਕਟਰਲ ਇਮੇਜਿੰਗ’ ਦੇ ਨਾਲ ’ਡਿਜੀਟਲ ਰਿਕਵਰੀ ਪ੍ਰੋਜੈਕਟ’ ਦੇ ਤਹਿਤ ਹੱਥ-ਲਿਖਤਾਂ ਅਤੇ ਸਿੱਖ ਸਾਹਿਤ ਨੂੰ ਠੀਕ ਕਰਨ ਦੀ ਮੰਗ ਕੀਤੀ।
ਐਮ.ਪੀ. ਸੰਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਕਰੌਪੀ, ਇਨਸਾਨੀ ਗਲਤੀ ਅਤੇ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਵਾਪਰੀ ਮੰਦਭਾਗੀ ਘਟਨਾ ਕਾਰਨ ਅਜਿਹਾ ਸਾਹਿਤ ਸਰਮਾਇਆ ਸੜ ਕੇ ਸੁਆਹ ਹੋ ਗਈਆਂ ਅਤੇ ਨੁਕਸਾਨਿਆ ਗਿਆ। ਨਿਸ਼ਚਿਤ ਤੌਰ ’ਤੇ, ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਦੀ ਇਤਿਹਾਸਕ ਵਿਰਾਸਤ, ਜੋ ਸਾਡੇ ਪੂਰਵਜਾਂ ਨੇ ਆਪਣੀ ਸੂਝ ਬੂਝ, ਗਿਆਨ ਅਤੇ ਅਨੁਭਵ ਦੇ ਆਧਾਰ ’ਤੇ ਹਜ਼ਾਰਾਂ ਸਾਲਾਂ ਵਿੱਚ ਸਿਰਜੀ ਸੀ, ਉਹ ਤਬਾਹ ਹੋ ਗਈ ਹੈ।
ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ’ਗਿਆਨ ਭਾਰਤਮ ਮਿਸ਼ਨ’ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਉਪਲਬੱਧ ਨਵੀਨਤਮ ਤਕਨੀਕਾਂ ਦੀ ਵਰਤੋਂ ਕਰ ਕੇ ਭਾਰਤ ਦੀਆਂ ਹੱਥ ਲਿਖਤਾਂ ਦੀ ਵਿਰਾਸਤ ਨੂੰ ਸੰਭਾਲਣਾ, ਉਸ ਨੂੰ ਸੋਧਣਾ ਅਤੇ ਇਸ ਨੂੰ ਸਥਾਈ ਤੇ ਸਦੀਵੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਡਿਜੀਟਾਈਜ਼ ਕੀਤਾ ਜਾਵੇਗਾ, ਉਨ੍ਹਾਂ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਜੇਕਰ ਸੰਭਵ ਹੋਇਆ ਤਾਂ ਉਨ੍ਹਾਂ ਨੂੰ ਅਸਲ ਰੂਪ ਵਿਚ ਮੁੜ ਸੁਰਜੀਤ ਕੀਤਾ ਜਾਵੇਗਾ।
ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਨੁਕਸਾਨੀਆਂ ਦੁਰਲੱਭ ਹੱਥ ਲਿਖਤਾਂ ਨੂੰ ਠੀਕ ਕਰਨ ਬਾਰੇ ਐੱਮਪੀ ਸਤਨਾਮ ਸਿੰਘ ਸੰਧੂ ਦੇ ਸਵਾਲ ਨੂੰ ਸਹੀ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਯਕੀਨੀ ਤੌਰ ’ਤੇ ਇਹ ਬਹੁਤ ਮਹੱਤਵਪੂਰਨ ਹੈ ਅਤੇ ਆਉਣ ਵਾਲੇ ਸਮੇਂ ‘ਚ ਅਸੀਂ ਇਸ ਵਿਸ਼ੇ ’ਤੇ ਵਿਚਾਰ ਵਟਾਂਦਰਾ ਕਰਾਂਗੇ ਕਿ ਅਸੀਂ ਇਸ ਮੁੱਦੇ ’ਤੇ ਕਿਵੇਂ ਅੱਗੇ ਵੱਧ ਸਕਦੇ ਹਾਂ ਅਤੇ ਇਸ ਮਾਮਲੇ ਨੂੰ ਕਿਵੇ ਅੱਗੇ ਲਿਜਾ ਸਕਦੇ ਹਾਂ।
ਐੱਮਪੀ ਸਤਨਾਮ ਸਿੰਘ ਸੰਧੂ ਨੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ‘ਚੋਂ ਗਾਇਬ ਹੋਈਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਨਾਲ ਜੁੜਿਆ ਅਹਿਮ ਮੁੱਦਾ ਸੰਸਦ ’ਚ ਚੁੱਕਿਆ ਸੀ।
ਦਸੰਬਰ 2024 ਵਿਚ ਸੰਸਦ ਦੇ ਸਰਦਰੁੱਤ ਇਜਲਾਸ ਦੌਰਾਨ ਧਿਆਨ ਦਿਓ ਮਤਾ ਦੇ ਮਾਧਿਅਮ ਰਾਹੀਂ ਸਦਨ ਵਿਚ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਸੀ ਕਿ ਲਾਇਬ੍ਰੇਰੀ ਵਿਚ ਸਿੱਖ ਗੁਰੂ ਸਾਹਿਬਾਨ, ਸੰਤਾਂ ਤੇ ਭਗਤਾਂ ਵੱਲੋਂ ਲਿਖੀਆਂ ਹੋਈਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਦਾ ਸਰਮਾਇਆ ਸੀ, ਜੋ ਹਮਲੇ ਦੇ ਦੌਰਾਨ ਨੁਕਸਾਨਿਆ ਗਿਆ ਜਾਂ ਏਜੰਸੀਆਂ ਵੱਲੋਂ ਜਬਤ ਕਰ ਲਿਆ ਗਿਆ ਸੀ।
ਐੱਮਪੀ ਸੰਧੂ ਨੇ ਕਿਹਾ ਕਿ ਮੀਡੀਆ ਤੇ ਐੱਸਜੀਪੀਸੀ ਦੀ ਇੱਕ ਰਿਪੋਰਟ ਮੁਤਾਬਕ, ਲਾਇਬ੍ਰੇਰੀ ਵਿੱਚ 12,613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ। ਉਨ੍ਹਾਂ ਕਿਹਾ ਕਿ 1984 ਤੋਂ ਲੈ ਕੇ ਹੁਣ ਤਕ ਐੱਸਜੀਪੀਸੀ ਸਮੇਤ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਚੁੱਕਦੀਆਂ ਰਹੀਆਂ ਹਨ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ।
Read More: ਪੰਜਾਬ ਸਰਕਾਰ ਵੱਲੋਂ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ




