ਦਿੱਲੀ/ਚੰਡੀਗੜ੍ਹ 09 ਦਸੰਬਰ 2025: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਦੇਸ਼ ਦੇ ਨਿੱਜੀ ਵਿਦਿਅਕ ਅਦਾਰਿਆਂ ‘ਚ ਅਧਿਆਪਕਾਂ ਨੂੰ ਕੌਮੀ ਪੱਧਰੀ ਸਨਮਾਨ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ, “ਨਿੱਜੀ ਅਦਾਰਿਆਂ ਦੀ ਸਿੱਖਿਆ ਦੀ ਗੁਣਵੱਤਾ, ਗਲੋਬਲ ਰੈਂਕਿੰਗ ‘ਚ ਭਾਰਤੀ ਵਿਦਿਅਕ ਅਦਾਰਿਆਂ ਦਾ ਦਬਦਬਾ, ਰਿਸਰਚ ਆਊਟਪੁੱਟ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਗਲੋਬਲ ਅਕਾਦਮਿਕ ਸਥਿਤੀ ਨੂੰ ਬਿਹਤਰ ਬਣਾਉਣ ‘ਚ ਨਿੱਜੀ ਅਦਾਰਿਆਂ ਦੇ ਯੋਗਦਾਨ ਨੂੰ ਇਨੇਂ ਸਾਲ ਬੀਤਣ ਦੇ ਬਾਵਜੂਦ ਸਹੀ ਪਛਾਣ ਨਹੀਂ ਮਿਲੀ ਹੈ।
ਰਾਜ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਤੋਂ ਨਿੱਜੀ ਵਿਦਿਅਕ ਅਦਾਰਿਆਂ ‘ਚ ਕੰਮ ਕਰਨ ਵਾਲੇ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨ ਅਤੇ ਸਹੀ ਪਛਾਣ ਦੇਣ ਦੀ ਅਪੀਲ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਮੁੱਦਾ ਸਿਰਫ਼ ਗਿਣਤੀ ਦਾ ਨਹੀਂ, ਬਲਕਿ ਗੁਣਵੱਤਾ ਦਾ ਹੈ।”
ਐਮਪੀ ਸੰਧੂ ਨੇ ਕਿਹਾ, “ਆਜ਼ਾਦੀ ਦੀ ਲੜਾਈ ਤੋਂ ਲੈਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਤੱਕ ਅਧਿਆਪਕਾਂ ਨੇ ਦਹਾਕਿਆਂ ਤੋਂ ਦੇਸ਼ ਦੀ ਨੁਹਾਰ ਬਦਲਣ ‘ਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਅੱਜ ਵੀ ਰਾਸ਼ਟਰ ਨਿਰਮਾਣ ਨਾਲ ਨਿੱਜੀ ਅਦਾਰਿਆਂ ਦੇ ਅਧਿਆਪਕ ਡੂੰਘਾਈ ਨਾਲ ਜੁੜੇ ਹੋਏ ਹਨ।
ਭਾਰਤ ਦੀ ਵਧਦੀ ਗਲੋਬਲ ਅਕਾਦਮਿਕ ਪਛਾਣ ‘ਤੇ ਐਮਪੀ ਨੇ ਕਿਹਾ, ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ, ਜੋ ਹਰ ਸਾਲ ਦੁਨੀਆ ਦੇ ਟੌਪ 12 ਫ਼ੀਸਦੀ ਵਿਗਿਆਨੀਆਂ ਦੀ ਲਿਸਟ ਜਾਰੀ ਕਰਦੀ ਹੈ, ਉਨ੍ਹਾਂ ਨੇ ਆਪਣੀ ਤਾਜ਼ਾ ਸੂਚੀ ‘ਚ 6,239 ਭਾਰਤੀ ਅਧਿਆਪਕਾਂ ਦੇ ਨਾਂ ਸ਼ਾਮਲ ਕੀਤੇ ਹਨ, ਜੋ ਸੱਚਮੁੱਚ ਸਾਡੇ ਲਈ ਮਾਣ ਵਾਲੀ ਗੱਲ ਹੈ।
ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਰੈਂਕਿੰਗ ਪਲੇਟਫ਼ਾਰਮ ਕਿਊਐਸ ਗਲੋਬਲ ਯੂਨੀਵਰਸਿਟੀ ਰੈਂਕਿੰਗ ‘ਚ ਭਾਰਤੀ ਅਦਾਰਿਆਂ ਦਾ ਪ੍ਰਦਰਸ਼ਨ ਕਾਫ਼ੀ ਬੇਹਤਰ ਹੋਇਆ ਹੈ ਅਤੇ ਕਿਊਐਸ ਏਸ਼ੀ ਯੂਨੀਵਰਸਿਟੀ ਰੈਂਕਿੰਗ 2026 ‘ਚ 294 ਭਾਰਤੀ ਅਦਾਰਿਆਂ ਨੂੰ ਜਗ੍ਹਾ ਮਿਲੀ ਹੈ, ਜਿਸ ਨਾਲ ਭਾਰਤ ਏਸ਼ੀਆ ‘ਚ ਸਭ ਤੋਂ ਜ਼ਿਆਦਾ ਅਦਾਰਿਆਂ ਦੇ ਮਾਮਲੇ ‘ਚ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ।
ਇਸ ਕਰਕੇ, ਵਿਦਿਅਕ ਅਦਾਰਿਆਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਸਮੇਂ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਅਤੇ ਨਿੱਜੀ ਦੋਵੇਂ ਅਦਾਰਿਆਂ ਨੇ ਭਾਰਤ ਨੂੰ ਏਸ਼ੀਆ ‘ਚ ਸਭ ਤੋਂ ਜ਼ਿਆਦਾ ਅਦਾਰਿਆਂ ਵਾਲੇ ਦੇਸ਼ਾਂ ‘ਚੋਂ ਇੱਕ ਬਣਾਉਣ ‘ਚ ਬਰਾਬਰ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਭਾਰਤ ਨੇ ਕਿਊ ਐਸ ਏਸ਼ੀਆ ਰੈਂਕਿੰਗ 2026 ‘ਚ ‘ਪੇਪਰਜ਼ ਪ੍ਰਤੀ ਫ਼ੈਕਲਟੀ’ ਸੂਚਕਾਂਕ ਵਿੱਚ ਏਸ਼ੀਆ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਭਾਰਤੀ ਰਿਸਰਚ ਅਤੇ ਅਕਾਦਮਿਕ ਆਊਟਪੁੱਟ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ।
ਕੇਂਦਰ ਸਰਕਾਰ ਨੂੰ ਸਰਕਾਰੀ ਅਤੇ ਨਿੱਜੀ ਦੋਵਾਂ ਸੰਸਥਾਵਾਂ ਦੇ ਅਧਿਆਪਕਾਂ ਨੂੰ ਮਾਨਤਾ ਦੇਣ ਦੀ ਅਪੀਲ ਕਰਦੇ ਹੋਏ, ਐਮਪੀ ਸੰਧੂ ਨੇ ਕਿਹਾ, “ਇਹ ਸਾਰੀਆਂ ਪ੍ਰਾਪਤੀਆਂ ਸਾਡੇ ਅਧਿਆਪਕਾਂ (ਸਰਕਾਰੀ ਅਤੇ ਨਿੱਜੀ ਦੋਵਾਂ ਵਿਦਿਅਕ ਸੰਸਥਾਵਾਂ ਵਿੱਚ) ਦੀ ਅਣਥੱਕ ਮਿਹਨਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੂਰਦਰਸ਼ੀ ਸਿੱਖਿਆ ਨੀਤੀਆਂ ਦਾ ਨਤੀਜਾ ਹਨ।
ਹਾਲਾਂਕਿ ਸਿੱਖਿਆ ਵਿੱਚ ਸ਼ਾਨਦਾਰ ਕੰਮ ਲਈ ਹਰ ਸਾਲ ਰਾਸ਼ਟਰੀ ਅਤੇ ਰਾਜ ਅਧਿਆਪਕ ਪੁਰਸਕਾਰ ਦਿੱਤੇ ਜਾਂਦੇ ਹਨ, ਪਰ ਇਹ ਸਨਮਾਨ ਸਰਕਾਰੀ ਸੰਸਥਾਵਾਂ ਦੇ ਅਧਿਆਪਕਾਂ ਤੱਕ ਸੀਮਤ ਹਨ। ਦੇਸ਼ ਦੀ ਤਰੱਕੀ ‘ਚ ਇੱਕ ਅਧਿਆਪਕ ਦਾ ਯੋਗਦਾਨ ਇੱਕੋ ਜਿਹਾ ਹੁੰਦਾ ਹੈ ਭਾਵੇਂ ਉਹ ਕਿਸੇ ਨਿੱਜੀ ਜਾਂ ਸਰਕਾਰੀ ਸੰਸਥਾ ਵਿੱਚ ਪੜ੍ਹਾਉਂਦਾ ਹੋਵੇ। ਇਸ ਲਈ, ਨਿੱਜੀ ਸਕੂਲ ਦੇ ਅਧਿਆਪਕਾਂ ਨੂੰ ਕੌਮੀ ਪੱਧਰ ‘ਤੇ ਸਰਕਾਰੀ ਸੰਸਥਾਵਾਂ ਦੇ ਅਧਿਆਪਕਾਂ ਦੇ ਬਰਾਬਰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।”
ਐਮਪੀ ਸੰਧੂ ਨੇ ਕਿਹਾ, “ਭਾਰਤ ‘ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਮਿਲਾ ਕੇ ਇੱਕ ਕਰੋੜ ਤੋਂ ਵੀ ਜ਼ਿਆਦਾ ਅਧਿਆਪਕ ਹਨ, ਜਿਨ੍ਹਾਂ ‘ਚੋਂ ਲਗਭੱਗ 38.45 ਲੱਖ ਅਧਿਆਪਕ, ਜਾਂ ਲਗਭੱਗ 38 ਪ੍ਰਤੀਸ਼ਤ, ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਂਦੇ ਹਨ। ਪ੍ਰਾਈਵੇਟ ਸਕੂਲ ਲਗਭੱਗ 9.59 ਕਰੋੜ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਜੋ ਕਿ ਭਾਰਤ ਦੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਕੁੱਲ ਵਿਦਿਆਰਥੀਆਂ ਦੇ ਦਾਖਲੇ ਦਾ 39 ਪ੍ਰਤੀਸ਼ਤ ਹੈ। ਪਿਛਲੇ ਪੰਜ ਸਾਲਾਂ ‘ਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ 2.27 ਕਰੋੜ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲਿਆ ਹੈ। ਭਾਰਤ ‘ਚ ਲਗਭਗ 340,000 ਪ੍ਰਾਈਵੇਟ ਸਕੂਲ ਹਨ, ਜੋ ਦੇਸ਼ ਦੇ ਕੁੱਲ 14.72 ਲੱਖ ਸਕੂਲਾਂ ‘ਚੋਂ ਲਗਭੱਗ 24 ਪ੍ਰਤੀਸ਼ਤ ਹਨ, ਜੋ ਕਿ 100 ਪ੍ਰਤੀਸ਼ਤ ਕੁੱਲ ਦਾਖਲਾ ਅਨੁਪਾਤ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ‘ਚ ਨਿੱਜੀ ਸੰਸਥਾਵਾਂ ਦੁਆਰਾ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹਨ।”
ਸਤਨਾਮ ਸਿੰਘ ਸੰਧੂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੇ ਭਾਰਤ ਦੇ ਆਉਣ ਵਾਲੇ ਲੀਡਰਾਂ ਨੂੰ ਤਿਆਰ ਕਰ ਅਤੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਬਰਾਬਰ ਯੋਗਦਾਨ ਪਾਇਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਪ੍ਰਾਈਵੇਟ ਸਕੂਲ ਅਧਿਆਪਕਾਂ ਨੂੰ ਮੌਜੂਦਾ ਕੌਮੀ ਅਧਿਆਪਕ ਪੁਰਸਕਾਰਾਂ ਦੇ ਦਾਇਰੇ ‘ਚ ਸ਼ਾਮਲ ਕੀਤਾ ਜਾਵੇ, ਜਾਂ ਉਨ੍ਹਾਂ ਦੇ ਸਮਰਪਣ, ਸ਼ਾਨਦਾਰ ਕੰਮ ਅਤੇ ਦੇਸ਼ ਪ੍ਰਤੀ ਸੇਵਾ ਨੂੰ ਮਾਨਤਾ ਦੇਣ ਲਈ ਇੱਕ ਵੱਖਰਾ ਕੌਮੀ ਪੱਧਰ ‘ਤੇ ਉਨ੍ਹਾਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਜਾਵੇ।
Read More: ਮਲਿਕਾਰਜੁਨ ਖੜਗੇ ਨੇ ਸੰਸਦ ‘ਚ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਦਾ ਮੁੱਦਾ ਚੁੱਕਿਆ




