26 ਮਾਰਚ 2026: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ (MP Satnam Singh Sandhu) ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਸੌਂਪੀ ਪੰਜਾਬ ਦੇ ਅਹਿਮ ਮੁੱਦਿਆਂ ਨਾਲ ਜੁੜੀ 17 ਨੁਕਾਤੀ ਰਿਪੋਰਟ
ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦਰਮਿਆਨ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਨਾਲ ਜੁੜੇ 17 ਅਹਿਮ ਮੁੱਦਿਆਂ ਨੂੰ ਊਜਾਗਰ ਕਰਦੀ ਇੱਕ ਰਿਪੋਰਟ ਸੌਂਪੀ। ਐਮਪੀ ਸਤਨਾਮ ਸੰਧੂ ਵੱਲੋਂ ਸੌਂਪੀ ਗਈ ਇਸ ਰਿਪੋਰਟ ਵਿੱਚ ਨਦੀ ਦੇ ਜਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਘਾਟ, ਵਾਰ-ਵਾਰ ਆਉਣ ਵਾਲੇ ਹੜ੍ਹ ਅਤੇ ਸਹਿਕਾਰਤਾ ਸੁਧਾਰਾਂ ਨਾਲ ਜੁੜੇ ਮੁੱਖ ਮੁੱਦੇ ਸ਼ਾਮਲ ਹਨ।
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਪੰਜਾਬ ਦੇ ਉਦਯੋਗ, ਕਿਸਾਨਾਂ ਦੀਆਂ ਸਮੱਸਿਆਵਾਂ, ਵਾਰ-ਵਾਰ ਆਉਣ ਵਾਲੇ ਹੜ੍ਹ, ਨਸ਼ਾ ਤਸਕਰੀ, ਨੌਜਵਾਨਾਂ ਵੱਲੋਂ ਪ੍ਰਵਾਸ ਅਤੇ ਜਲ ਸੰਕਟ ਵਰਗੇ ਸੂਬੇ ਨਾਲ ਜੁੜੇ ਹੋਰ ਪ੍ਰਮੁੱਖ ਮੁੱਦਿਆਂ ‘ਤੇ ਵੀ ਡੂੰਘਾਈ ਨਾਲ ਚਰਚਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਮਪੀ ਸਤਨਾਮ ਸਿੰਘ ਸੰਧੂ ਵੱਲੋਂ ਚੁੱਕੇ ਗਏ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉੱਪਰ ਹਾਂ-ਪੱਖੀ ਹੁੰਗਾਰਾ ਭਰਿਆ।
ਖ਼ਾਸ ਗੱਲ ਇਹ ਹੈ ਕਿ ਇਹ 17 ਨੁਕਾਤੀ ਰਿਪੋਰਟ ਦਿੱਗਜ ਸਿਆਸੀ ਆਗੂਆਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ, ਚਿੰਤਕਾਂ ਅਤੇ ਜਾਣੇ ਮਾਣੇ ਥਿੰਕ ਟੈਂਕਾਂ ਦੇ ਪ੍ਰਮੁੱਖ ਨੀਤੀ ਮਾਹਰਾਂ ਵਿਚਾਲੇ ਹੋਈ ਲੰਬੀ ਵਿਚਾਰ ਚਰਚਾ ਤੋਂ ਬਾਅਦ ਤਿਆਰ ਕੀਤੀ ਗਈ ਸੀ। ਇਨ੍ਹਾਂ ਮਾਹਰਾਂ ਨੇ ਪੰਜਾਬ ਦੀਆਂ ਮੁੱਖ ਚੁਣੌਤੀਆਂ, ਜਿਵੇਂ ਕਿ ਖੇਤੀਬਾੜੀ, ਆਰਥਿਕ ਵਿਕਾਸ, ਨਸ਼ਿਆਂ ਦੀ ਸਮੱਸਿਆ, ਵਧ ਰਹੀ ਬੇਰੋਜ਼ਗਾਰੀ, ਨੌਜਵਾਨਾਂ ਵੱਲੋਂ ਪ੍ਰਵਾਸ, ਸੂਬੇ ਉੱਪਰ ਵਧ ਰਿਹਾ ਕਰਜ਼ੇ ਦਾ ਬੋਝ, ਖ਼ਰਾਬ ਵਾਤਾਵਰਣ, ਧਰਤੀ ਹੇਠਲੇ ਪਾਣੀ ਦੇ ਘਟਣ ਕਾਰਨ ਗੰਭੀਰ ਹੁੰਦਾ ਜਲ ਸੰਕਟ ਅਤੇ ਉਦਯੋਗਿਕ ਵਿਕਾਸ ਲਈ ਕਾਰੋਬਾਰੀ ਮਾਹੌਲ ਵਰਗਿਆਂ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਆਪਣੇ ਰਣਨੀਤਕ ਸੁਝਾਅ ਦਿੱਤੇ ਸਨ।
ਇਹ ਸੁਝਾਅ ਆਪਣੇ ਤਰ੍ਹਾਂ ਦੇ ਪਹਿਲੇ ‘ਇੰਟਰੈਕਟਿਵ ਸੈਸ਼ਨ- ਪੰਜਾਬ ਲਈ ਚੁਣੌਤੀਆਂ, ਮੌਕੇ ਤੇ ਭਵਿੱਖ ਲਈ ਰਾਹ’ ਵਿਸ਼ੇ ‘ਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਦਿੱਤੇ ਗਏ ਸਨ। ਇਸ ਸੈਸ਼ਨ ਵਿੱਚ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ ਡਾ. ਜਤਿੰਦਰ ਸਿੰਘ ਦੇ ਨਾਲ-ਨਾਲ ਭਾਜਪਾ ਦੇ ਸੀਨੀਅਰ ਆਗੂ ਅਤੇ ਵੱਖ-ਵੱਖ ਖੇਤਰਾਂ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਬੁੱਧੀਜੀਵੀ, ਵਿਦਿਅਕ ਮਾਹਰ, ਨੀਤੀ ਮਾਹਰ, ਉਦਯੋਗ ਜਗਤ ਦੇ ਆਗੂ ਅਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਸ਼ਰੀਕ ਹੋਏ ਸਨ।
17 ਨੁਕਾਤੀ ਰਿਪੋਰਟ ਤੋਂ ਇਲਾਵਾ, ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਸਹਿਕਾਰਤਾ ਖੇਤਰ, ਗੰਭੀਰ ਰੂਪ ਧਾਰਦੇ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਸੰਕਟ ਅਤੇ ਸੂਬੇ ਵਿੱਚ ਦਰਿਆਈ ਪਾਣੀ ਦੇ ਪ੍ਰਦੂਸ਼ਣ ਤੇ ਹੜ੍ਹਾਂ ਦੇ ਮੁੱਦਿਆਂ ‘ਤੇ ਵੱਖ-ਵੱਖ ਰਿਪੋਰਟਾਂ ਵੀ ਪੇਸ਼ ਕੀਤੀਆਂ।
ਪੰਜਾਬ ਵਿੱਚ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨੂੰ ਸੌਂਪੀ ਗਈ ਇਸ ਰਿਪੋਰਟ ਵਿੱਚ, ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ”ਜਿੱਥੇ ਸਹਿਕਾਰਤਾ ਖੇਤਰ ਇਤਿਹਾਸਕ ਤੌਰ ‘ਤੇ ਪੰਜਾਬ ਦੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਹਾ ਹੈ, ਉੱਥੇ ਹੀ ਮੌਜੂਦਾ ਸਮੇਂ ਵਿੱਚ ਇਸ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਇਸ ਖੇਤਰ ਵਿੱਚ ਪੇਸ਼ੇਵਰ ਪਹੁੰਚ, ਨਵੀਨਤਾ ਅਤੇ ਆਧੁਨਿਕ ਲੀਡਰਸ਼ਿਪ ਲਿਆਉਣ ਲਈ ਤੁਰੰਤ ਸੁਧਾਰਾਂ, ਡਿਜੀਟਲ ਬਦਲਾਅ ਅਤੇ ਭਾਰਤ ਦੀ ਪਹਿਲੀ ਸਹਿਕਾਰਤਾ ਯੂਨੀਵਰਸਿਟੀ ਦਾ ਇੱਕ ਖੇਤਰੀ ਕੇਂਦਰ ਪੰਜਾਬ ਵਿੱਚ ਸਥਾਪਤ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਸਹਿਕਾਰੀ ਸਭਾਵਾਂ ਨੂੰ ਖ਼ੁਰਾਕ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਸਤਾਰ ਕਰਨ ਲਈ ਮਜ਼ਬੂਤ ਬਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਸਹਿਕਾਰੀ ਸੰਸਥਾਵਾਂ ਦੇ ਡਿਜਟਲੀਕਰਨ ਤੇ ਕੰਪਿਊਟਰੀਕਰਨ ਵਿੱਚ ਹੋ ਰਹੀ ਦੇਰੀ ਵੱਲ ਵੀ ਵਿਸ਼ੇਸ਼ ਧਿਆਨ ਦਿਵਾਇਆ।
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਹੜ੍ਹਾਂ ਸਬੰਧੀ ਅੰਕੜਿਆਂ ‘ਤੇ ਆਧਾਰਤ ਇੱਕ ਰਿਪੋਰਟ ਵੀ ਸੌਂਪੀ ਅਤੇ ਕੇਂਦਰ ਸਰਕਾਰ ਨੂੰ ਹੜ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਮਜ਼ਬੂਤ ਅਤੇ ਲੰਬੇ ਸਮੇਂ ਦੀ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਸਤਲੁਜ ਅਤੇ ਘੱਗਰ ਵਰਗੇ ਪ੍ਰਮੁੱਖ ਦਰਿਆਵਾਂ ਦੀ ਵਿਗੜਦੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦਿਆਂ, ਐਮਪੀ ਸੰਧੂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਾਲ-ਨਾਲ, ਨਿਰਧਾਰਤ ਸਮੇਂ ਦੇ ਅੰਦਰ ਦਰਿਆਵਾਂ ਦੀ ਸਫ਼ਾਈ ਅਤੇ ਸੁਧਾਰ ਦੀ ਯੋਜਨਾ ਲਈ ਲੋੜੀਂਦੇ ਕਦਮ ਚੁੱਕਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਵਾਰ-ਵਾਰ ਆਉਣ ਵਾਲੇ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਦੇ ਸਬੰਧ ਵਿੱਚ ਅਹਿਮ ਸੁਝਾਅ ਵੀ ਸਾਂਝੇ ਕੀਤੇ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਘਾਟ ਅਤੇ ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ ‘ਤੇ ਪੇਸ਼ ਕੀਤੀ ਗਈ ਤੀਜੀ ਰਿਪੋਰਟ ਵਿੱਚ ਐਮਪੀ ਸੰਧੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬੇ ਦੇ ਜ਼ਿਆਦਾਤਰ ਜ਼ਿਲ੍ਹੇ ਪਾਣੀ ਦੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਨ ਅਤੇ ਧਰਤੀ ਹੇਠਲੇ ਪਾਣੀ ਦੇ ਮਾਮਲੇ ਵਿੱਚ ‘ਡਾਰਕ ਜ਼ੋਨ’ (ਪਾਣੀ ਦੀ ਕਿੱਲਤ ਵਾਲੇ ਖੇਤਰ) ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਅੱਧੇ ਤੋਂ ਵੱਧ ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਨਾਲੋਂ ਵੱਧ ਪਾਈ ਗਈ ਹੈ, ਜੋ ਕਿ ਪੂਰੇ ਦੇਸ਼ ਵਿੱਚ ਦਰਜ ਕੀਤੀ ਗਈ ਪ੍ਰਦੂਸ਼ਣ ਦੀ ਸਭ ਤੋਂ ਵੱਧ ਤੀਬਰਤਾ ਹੈ। ਇਸ ਰਿਪੋਰਟ ਵਿੱਚ ਐਮਪੀ ਸੰਧੂ ਨੇ ਇਸ ਗੰਭੀਰ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਮੀਟਿੰਗ 14 ਮਾਰਚ 2026 ਨੂੰ ਮੋਗਾ ਵਿੱਚ ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਹੋਈ ਹੈ। ਐਮਪੀ ਸੰਧੂ ਦੇ ਅਨੁਸਾਰ, ਇਸ ਰੈਲੀ ਨੇ ਪੰਜਾਬ ਵਿੱਚ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਤੋਂ ਬਾਅਦ ਜਨਤਾ ਦੇ ਮੂਡ ਵਿੱਚ ਸਾਫ਼ ਬਦਲਾਅ ਦੇਖਣ ਨੂੰ ਮਿਲਿਆ ਹੈ; ਪਾਰਟੀ ਨੂੰ ਮਿਲ ਰਹੀ ਹਮਾਇਤ ਵਧ ਰਹੀ ਹੈ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਵਿੱਚ ਨਵੀਂ ਜਾਨ ਆ ਗਈ ਹੈ।
ਐਮਪੀ ਸੰਧੂ ਨੇ 14 ਮਾਰਚ, 2026 ਨੂੰ ਮੋਗਾ ਵਿੱਚ ਹੋਈ ‘ਬਦਲਾਅ ਰੈਲੀ’ ਦਾ ਜ਼ਿਕਰ ਕਰਦਿਆਂ (ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਸੰਬੋਧਨ ਕੀਤਾ ਸੀ) ਕਿਹਾ ਕਿ “ਇਸ ਰੈਲੀ ਨੇ ਪੰਜਾਬ ਵਿੱਚ ਭਾਜਪਾ ਵਰਕਰਾਂ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ “ਕੇਂਦਰੀ ਗ੍ਰਹਿ ਮੰਤਰੀ ਦੀ ਇਸ ਫੇਰੀ ਨਾਲ ਸੂਬੇ ਵਿੱਚ ਭਾਜਪਾ ਨੂੰ ਭਰਵਾਂ ਸਮਰਥਨ ਮਿਲਿਆ ਹੈ, ਪਾਰਟੀ ਵਰਕਰਾਂ ਨੂੰ ਇਹ ਰੈਲੀ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ‘ਗੇਮ-ਚੇਂਜਰ’ ਵਜੋਂ ਨਜ਼ਰ ਆ ਰਹੀ ਹੈ, ਕਿਉਂਕਿ ਇਸ ਵਿੱਚ ਵੱਡੇ ਪੱਧਰ ‘ਤੇ ਲੋਕਾਂ ਦੀ ਲਾਮਬੰਦੀ ਅਤੇ ਤਾਲਮੇਲ ਨਾਲ ਕੀਤੇ ਗਏ ਸੰਪਰਕ ਯਤਨਾਂ ਤੋਂ ਪਾਰਟੀ ਦੀ ਜਥੇਬੰਦਕ ਸ਼ਕਤੀ ਵਿੱਚ ਆਏ ਨਵੇਂ ਉਭਾਰ ਦਾ ਸੰਕੇਤ ਮਿਲਦਾ ਹੈ।”
ਉਨ੍ਹਾਂ ਇਹ ਵੀ ਕਿਹਾ ਕਿ “ਪਾਰਟੀ ਵਰਕਰ ਇਸ ਰੈਲੀ ਨੂੰ ਆਗਾਮੀ ਚੋਣਾਂ ਦੀ ਸ਼ੁਰੂਆਤੀ ਤਿਆਰੀ ਵਜੋਂ ਦੇਖਦਿਆਂ ਕਾਫ਼ੀ ਉਤਸ਼ਾਹਿਤ, ਪ੍ਰੇਰਿਤ ਅਤੇ ਪਾਰਟੀ ਲੀਡਰਸ਼ਿਪ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨਜ਼ਰ ਆ ਰਹੇ ਹਨ।”
ਇਸ ਬੈਠਕ ਨੂੰ ਪੰਜਾਬ ਦੀਆਂ ਪ੍ਰਮੁੱਖ ਚਿੰਤਾਵਾਂ ਨੂੰ ਕੇਂਦਰ ਦੇ ਧਿਆਨ ਵਿੱਚ ਲਿਆਉਣ ਦੇ ਲਗਾਤਾਰ ਯਤਨਾਂ ਦੇ ਇੱਕ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ, ਅਤੇ ਨਾਲ ਹੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਿਆਸੀ ਆਧਾਰ ਨੂੰ ਮਜ਼ਬੂਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
Read More: MP ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਐਪਰੋਪ੍ਰੀਏਸ਼ਨ ਬਿੱਲ ਦਾ ਕੀਤਾ ਪੁਰਜ਼ੋਰ ਸਮਰਥਨ




