ਆਦਮਪੁਰ, 01 ਜੁਲਾਈ 2025: ਪੰਜਾਬ ਦੇ ਆਦਮਪੁਰ ਤੋਂ ਮੁੰਬਈ ਲਈ ਇੰਡੀਗੋ ਦੀ ਸਿੱਧੀ ਹਵਾਈ ਉਡਾਣ 2 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਇਸ ਉਡਾਣ ਦਾ ਸਵਾਗਤ ਕੀਤਾ ਹੈ। ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਖ਼ਬਰ ਖਾਸ ਤੌਰ ‘ਤੇ ਸਿੱਖ ਸੰਗਤ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੰਗਤ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਪੂਰਾ ਕਰੇਗੀ।
ਇਸ ਦੌਰਾਨ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨਵੀਂ ਉਡਾਣ ਨਹੀਂ ਹੈ, ਸਗੋਂ ਇਸ ਨੇ ਸਿੱਖ ਸੰਗਤ ਦੇ ਸਾਲਾਂ ਪੁਰਾਣੀ ਉਡੀਕ ਨੂੰ ਖਤਮ ਕੀਤਾ ਹੈ। ਇਹ ਉਹ ਮੰਗ ਸੀ ਜੋ ਉਨ੍ਹਾਂ ਵੱਲੋਂ ਲਗਾਤਾਰ ਸੰਸਦ ਅਤੇ ਸਰਕਾਰ ਦੇ ਸਾਹਮਣੇ ਚੁੱਕੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚਣਾ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ, ਕਾਫੀ ਮੁਸ਼ਕਿਲ ਸੀ ਕਿਉਂਕਿ ਇਥੋਂ ਇਸ ਲਈ ਕੋਈ ਸਿੱਧੀ ਉਡਾਣ ਨਹੀਂ ਸੀ। ਇਸ ਨੂੰ ਵੇਖਦਿਆਂ ਪੰਜਾਬ–ਮੁੰਬਈ–ਨਾਂਦੇੜ ਹਵਾਈ ਸੰਪਰਕ ਦੀ ਮੰਗ ਲਗਾਤਾਰ ਚੁੱਕੀ ਜਾ ਰਹੀ ਸੀ ਅਤੇ ਉਨ੍ਹਾਂ ਵੱਲੋਂ ਵੀ ਰਾਜ ਸਭਾ ‘ਚ ਇਹ ਮੁੱਦਾ ਪ੍ਰਮੁੱਖਤਾ ਨਾਲ ਰੱਖਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਾਡੀ ਗੁਰੂਘਰਾਂ ਤੱਕ ਪਹੁੰਚ ਨੂੰ ਵਧਾਉਣ ਲਈ ਸ਼ਲਾਘਾ ਯੋਗ ਕਾਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਉਡਾਨ’ ਵਰਗੀਆਂ ਯੋਜਨਾਵਾਂ ਰਾਹੀਂ ਉਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਪੂਰਾ ਮਾਣ ਰੱਖਦੀ ਹੈ । ਇਸ ਤੋਂ ਪਹਿਲਾਂ ਆਦਮਪੁਰ ਤੋਂ ਨਾਂਦੇੜ ਸਾਹਿਬ ਦੀਆਂ ਉਡਾਣਾਂ ਸ਼ੁਰੂ ਵੀ ਕੀਤੀਆਂ ਸਨ ਅਤੇ ਹੁਣ ਆਦਮਪੁਰ ਤੋਂ ਮੁੰਬਈ ਦੀ ਸਿੱਧੀ ਉਡਾਣ ਸਿੱਖ ਸ਼ਰਧਾਲੂਆਂ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ ਹੈ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਉਡਾਣ ਦਾ ਉਦੇਸ਼ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਹਵਾਈ ਸੰਪਰਕ ਨਾਲ ਜੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਚੰਗਾ ਕਦਮ ਹੈ, ਕਿਉਂਕਿ ਇਸ ਨਾਲ ਪੰਜਾਬ ਦੇ ਹਵਾਈ ਸੰਪਰਕ ‘ਚ ਵੱਡਾ ਸੁਧਾਰ ਹੋਵੇਗਾ। ਸਤਨਾਮ ਸੰਧੂ ਨੇ ਕਿਹਾ ਕਿ ‘ਉਡਾਨ’ ਪ੍ਰੋਜੈਕਟ ਤਹਿਤ ਪੰਜਾਬ ‘ਚ ਚਾਰ ਹਵਾਈ ਅੱਡੇ-ਆਦਮਪੁਰ, ਬਠਿੰਡਾ, ਲੁਧਿਆਣਾ ਅਤੇ ਪਠਾਨਕੋਟ ਵੀ ਕਾਰਜਸ਼ੀਲ ਹੋ ਚੁੱਕੇ ਹਨ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਨਵੀਂ ਉਡਾਣ ਨਾਲ ਪੰਜਾਬ ਦੇ ਕਾਰੋਬਾਰੀਆਂ ਅਤੇ ਆਮ ਯਾਤਰੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ, ਕਿਉਂਕਿ ਮੁੰਬਈ ਦੇਸ਼ ਦੀ ਆਰਥਿਕ ਰਾਜਧਾਨੀ ਹੈ ਅਤੇ ਵਪਾਰਕ ਗਤੀਵਿਧੀਆਂ ਦਾ ਇੱਕ ਪ੍ਰਮੁੱਖ ਕੇਂਦਰ ਹੈ। “ਆਦਮਪੁਰ ਤੋਂ ਮੁੰਬਈ ਵਿਚਾਲੇ ਇਹ ਸਿੱਧਾ ਸੰਪਰਕ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਨੂੰ ਮੁੰਬਈ ਦੇ ਪ੍ਰਮੁੱਖ ਬੰਦਰਗਾਹਾਂ ਨਾਲ ਜੋੜਨ ‘ਚ ਮੱਦਦ ਕਰੇਗਾ। ਇਸ ਨਾਲ ਦੋਵਾਂ ਖੇਤਰਾਂ ‘ਚ ਵਪਾਰਕ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਵੀ ਫਾਇਦਾ ਮਿਲੇਗਾ।
Read More: ਸੀਜੀਸੀ ਲਗਾਤਾਰ 7 ਸਾਲਾਂ ਤੋਂ ਭਾਰਤ ਦੇ ਪ੍ਰਮੁੱਖ 10 ਅਕਾਦਮਿਕ ਸੰਸਥਾਵਾਂ ‘ਚ ਪੇਟੈਂਟ ਫਾਇਲਿੰਗ ਲਈ ਹੋਇਆ ਸ਼ਾਮਲ