ਨਵੀਂ ਦਿੱਲੀ/ਲੰਡਨ 29 ਮਈ 2025: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਵੱਕਾਰੀ ‘ਆਈਡੀਆਜ਼ ਫਾਰ ਇੰਡੀਆ’ ਕਾਨਫਰੰਸ ਲਈ ਸੱਦਾ ਦਿੱਤਾ ਹੈ। ਇਹ 30 ਮਈ 2025 ਨੂੰ ਰਾਇਲ ਲੈਂਕੈਸਟਰ ਲੰਡਨ ਵਿਖੇ ਯੂਕੇ ਦੇ ਪ੍ਰਸਿੱਧ ਥਿੰਕ ਟੈਂਕ ਬ੍ਰਿਜ ਇੰਡੀਆ ਵੱਲੋਂ ਕਰਵਾਇਆ ਜਾਵੇਗਾ। ਇਸ ਕਾਨਫਰੰਸ 1100 ਤੋਂ ਵੱਧ ਜਣੇ ਸ਼ਾਮਲ ਹੋਣਗੇ | ਸੰਸਦ ਮੈਂਬਰ ਰਾਘਵ ਚੱਢਾ ਇਸ ਕਾਨਫਰੰਸ ‘ਚ ਇੱਕ ਬੁਲਾਰੇ ਵਜੋਂ ਸ਼ਾਮਲ ਹੋਣਗੇ। ਇਸ ਮਹੱਤਵਪੂਰਨ ਕਾਨਫਰੰਸ ਦੌਰਾਨ ਭਾਰਤ ਦੇ ਆਰਥਿਕ ਵਿਕਾਸ ਅਤੇ ਦੁਨੀਆ ‘ਚ ਇਸਦੀ ਭੂਮਿਕਾ ‘ਤੇ ਡੂੰਘੀ ਚਰਚਾ ਹੋਵੇਗੀ। ਭਾਰਤ ਦੇ ਕਈ ਨੀਤੀ ਨਿਰਮਾਤਾ ਅਤੇ ਉੱਘੇ ਕਾਰੋਬਾਰੀ ਇਸ ‘ਚ ਹਿੱਸਾ ਲੈਣਗੇ।
ਸੰਸਦ ਮੈਂਬਰ ਰਾਘਵ ਚੱਢਾ ਲੰਡਨ ‘ਚ ਹੋ ਰਹੀ ਇਸ ਕਾਨਫਰੰਸ ਵਿੱਚ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਣਗੇ, ਜਿਸਦਾ ਨਾਮ “ਭਾਰਤ ਇੱਕ ਬਹੁ-ਧਰੁਵੀ ਸੰਸਾਰ ਵਿੱਚ” (India in a Multipolar World) ਹੈ। ਇਸ ਚਰਚਾ ‘ਚ ਉਹ ਭਾਰਤ ਦੀ ਰਣਨੀਤਕ ਆਜ਼ਾਦੀ, ਦੁਨੀਆ ਵਿੱਚ ਵਧ ਰਹੇ ਪ੍ਰਭਾਵ ਅਤੇ ਗਲੋਬਲ ਉੱਤਰ ਅਤੇ ਦੱਖਣ ਵਿਚਕਾਰ ਇੱਕ ਪੁਲ ਵਜੋਂ ਭਾਰਤ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਭਾਰਤ ਦੀਆਂ ਹਾਲੀਆ ਪ੍ਰਾਪਤੀਆਂ ਬਾਰੇ ਵੀ ਗੱਲ ਕਰਨਗੇ, ਜਿਸ ‘ਚ ਆਪ੍ਰੇਸ਼ਨ ਸੰਧੂਰ ਦੀ ਸਫਲਤਾ, ਨਾਲ ਹੀ ਰੱਖਿਆ ਅਤੇ ਕੂਟਨੀਤੀ ‘ਚ ਸਫਲਤਾਵਾਂ, ਤਕਨਾਲੋਜੀ ਅਤੇ ਨੌਜਵਾਨ ਲੀਡਰਸ਼ਿਪ ਦੇ ਯੋਗਦਾਨ ਬਾਰੇ ਵੀ ਗੱਲ ਕਰਨਗੇ।
ਇਸ ਕਾਨਫਰੰਸ ਦੇ ਸੱਦੇ ਬਾਰੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, “ਮੈਨੂੰ ਬ੍ਰਿਜ ਇੰਡੀਆ ਅਤੇ ਇੰਡੀਆ ਵੀਕ 2025 ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ‘ਆਈਡੀਆਜ਼ ਫਾਰ ਇੰਡੀਆ’ ਕਾਨਫਰੰਸ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਇੱਕ ਵਧੀਆ ਪਲੇਟਫਾਰਮ ਹੈ। ਮੈਨੂੰ ਇਸ ਸਮਾਗਮ ‘ਚ ਆਪਣੇ ਵਿਚਾਰ ਸਾਂਝੇ ਕਰਨ ‘ਚ ਖੁਸ਼ੀ ਹੋਵੇਗੀ ਅਤੇ ਭਾਰਤ ਦੇ ਵਿਕਾਸ ਅਤੇ ਇਸਦੀ ਵਿਸ਼ਵਵਿਆਪੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਤਸ਼ਾਹਿਤ ਹਾਂ।”
‘ਆਪ’ ਸੰਸਦ ਮੈਂਬਰ ਨੇ ਕਿਹਾ, “ਵਿਸ਼ਵ ਅਰਥਵਿਵਸਥਾ ਅਤੇ ਰਾਜਨੀਤਿਕ ਹਾਲਾਤ ਬਦਲ ਰਹੇ ਹਨ ਅਤੇ ਭਾਰਤ ਵਿਕਾਸ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਜਦੋਂ ਦੂਜੇ ਦੇਸ਼ ਵਪਾਰ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਬਾਰੇ ਸੋਚ ਰਹੇ ਹਨ, ਤਾਂ ਇਹ ਭਾਰਤ ਅਤੇ ਬ੍ਰਿਟੇਨ ਲਈ ਆਪਣੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦਾ ਇੱਕ ਵਧੀਆ ਮੌਕਾ ਹੈ। ਇਹ ਖਾਸ ਤੌਰ ‘ਤੇ ਯੂਕੇ-ਭਾਰਤ ਮੁਕਤ ਵਪਾਰ ਸਮਝੌਤੇ (ਐਫਟੀਏ) ‘ਤੇ ਗੱਲਬਾਤ ਕਰਨ ਦਾ ਸਹੀ ਸਮਾਂ ਹੈ। ਉਨ੍ਹਾਂ ਕਿਹਾ, ਮੈਂ ‘ਆਈਡੀਆਜ਼ ਫਾਰ ਇੰਡੀਆ 2025’ ‘ਚ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਅਸੀਂ ਭਾਰਤ ਦੇ ਵਿਕਾਸ ਦੇ ਅਗਲੇ ਕਦਮ ਨੂੰ ਕਿਵੇਂ ਸੁਧਾਰ ਸਕਦੇ ਹਾਂ।”
ਯੂਕੇ ਦੇ ਮਸ਼ਹੂਰ ਥਿੰਕ ਟੈਂਕ ਬ੍ਰਿਜ ਇੰਡੀਆ ਦੁਆਰਾ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ‘ਇੰਡੀਆ ਵੀਕ’ ਕਾਨਫਰੰਸ ‘ਚ 1,100 ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ। ਇਨ੍ਹਾਂ ‘ਚ ਨੀਤੀ ਨਿਰਮਾਤਾ, ਉਦਯੋਗਪਤੀ, ਨਿਵੇਸ਼ਕ, ਸਿੱਖਿਆ ਸ਼ਾਸਤਰੀ ਅਤੇ ਭਾਰਤੀ ਮੂਲ ਦੇ ਲੋਕ ਸ਼ਾਮਲ ਹਨ। ਇਸ ਦੇ ਨਾਲ ਹੀ ਪਿਛਲੇ ਕਈ ਸਾਲਾਂ ਦੌਰਾਨ ਇਸ ਕਾਨਫਰੰਸ ‘ਚ ਬਹੁਤ ਸਾਰੇ ਵੱਡੇ ਆਗੂਆਂ ਅਤੇ ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਹੈ। ਇਨ੍ਹਾਂ ਵਿੱਚ ਬ੍ਰਿਟੇਨ ਦੀ ਉਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ, ਭਾਰਤ ਦੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ, ਸ਼ੈੱਲ ਦੇ ਸਾਬਕਾ ਚੇਅਰਮੈਨ ਲਾਰਡ ਜੌਨ ਬ੍ਰਾਊਨ, ਇਸਦੇ ਨਾਲ ਹੀ ਯੂਕੇ ਹਾਊਸ ਆਫ਼ ਕਾਮਨਜ਼ ਅਤੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਸ਼ਾਮਲ ਹਨ।
ਭਾਰਤ ਦੇ ਭਵਿੱਖ ‘ਤੇ ਹੋਵੇਗੀ ਚਰਚਾ
ਆਈਡੀਆਜ਼ ਫਾਰ ਇੰਡੀਆ ਕਾਨਫਰੰਸ ਅਗਲੇ ਦਹਾਕੇ ‘ਚ ਭਾਰਤ ਦੇ ਵਿਕਾਸ ਲਈ ਨਵੇਂ ਕਾਰੋਬਾਰ, ਨਿਵੇਸ਼ ਅਤੇ ਨੀਤੀਗਤ ਵਿਚਾਰਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਵਾਰ ਕਾਨਫਰੰਸ ਦਾ ਧਿਆਨ ਭਾਰਤ ‘ਚ ਨਵੇਂ ਕਾਰੋਬਾਰ ਅਤੇ ਨਿਵੇਸ਼ ਦੇ ਮੌਕਿਆਂ ‘ਤੇ ਹੋਵੇਗਾ। ਭਾਰਤ ਅੱਜ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ‘ਚੋਂ ਇੱਕ ਹੈ। ਇਸ ਕਾਨਫਰੰਸ ‘ਚ ਵਿਦੇਸ਼ੀ ਨਿਵੇਸ਼ਕਾਂ ਨੂੰ ਦੱਸਿਆ ਜਾਵੇਗਾ ਕਿ ਭਾਰਤ ‘ਚ ਨਿਵੇਸ਼ ਕਰਨ ਦੇ ਕਿੰਨੇ ਵੱਡੇ ਮੌਕੇ ਹਨ। ਭਾਰਤ ਇੱਕ ਵੱਡਾ ਬਾਜ਼ਾਰ ਹੈ, ਜਿੱਥੇ ਬਹੁਤ ਸਾਰੀਆਂ ਵਪਾਰਕ ਸੰਭਾਵਨਾਵਾਂ ਹਨ।
ਪਰ ਇਸ ਦੇ ਨਾਲ, ਭਾਰਤ ਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਆਰਥਿਕ ਵਿਕਾਸ ਵਿੱਚ ਰੁਕਾਵਟਾਂ, ਗਰੀਬੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਘਾਟ। ਇਸ ਕਾਨਫਰੰਸ ‘ਚ ਇਨ੍ਹਾਂ ਸਮੱਸਿਆਵਾਂ ‘ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ। ‘ਆਈਡੀਆਜ਼ ਫਾਰ ਇੰਡੀਆ’ ਕਾਨਫਰੰਸ ਦਾ ਅਸਲ ਉਦੇਸ਼ ਇਸ ਸਮਾਗਮ ਰਾਹੀਂ ਭਾਰਤ ਲਈ ਨਵੇਂ ਵਿਚਾਰਾਂ ਨੂੰ ਸਾਹਮਣੇ ਲਿਆਉਣਾ ਹੈ, ਜੋ ਦੇਸ਼ ਦੇ ਵਿਕਾਸ ਵਿੱਚ ਮਦਦ ਕਰਨਗੇ।
ਜਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ‘ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ 2025, ਜਿਸਨੂੰ “ਪੂਰਬ ਦਾ ਦਾਵੋਸ” ਕਿਹਾ ਜਾਂਦਾ ਹੈ, ਉਸ ‘ਚ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਸੀ। ਜਿੱਥੇ ਉਨ੍ਹਾਂ ਨੇ ਪਹਿਲਗਾਮ ‘ਚ ਪਾਕਿਸਤਾਨ ਸਮਰਥਿਤ ਅੱ.ਤ.ਵਾ.ਦੀ ਹਮਲੇ ਦੀ ਵਿਸ਼ਵ ਮੰਚ ‘ਤੇ ਸਖ਼ਤ ਨਿੰਦਾ ਕੀਤੀ।
ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਨੂੰ ਜਾਇਜ਼ ਠਹਿਰਾਇਆ ਅਤੇ ਭਾਰਤੀ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਭਾਰਤ ਹੁਣ ਸਿਰਫ਼ ਅੱ.ਤ.ਵਾ.ਦੀ ਹਮਲਿਆਂ ‘ਤੇ ਦੁੱਖ ਪ੍ਰਗਟ ਨਹੀਂ ਕਰਦਾ, ਸਗੋਂ ਹੁਣ ਇਹ ਸਟੀਕ ਅਤੇ ਫੈਸਲਾਕੁੰਨ ਫੌਜੀ ਕਾਰਵਾਈ ਰਾਹੀਂ ਵੀ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਧਰਤੀ ਤੋਂ ਆਉਂਦਾ ਹੈ, ਪਰ ਨਾਲ ਹੀ ਇਸ ਧਰਤੀ ‘ਤੇ ਇਥੇ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਪੈਦਾ ਹੋਏ ਸਨ। ਉਨ੍ਹਾਂ ਕਿਹਾ ਸੀ, “ਅਸੀਂ ਸ਼ਾਂਤੀ ‘ਚ ਵਿਸ਼ਵਾਸ ਰੱਖਦੇ ਹਾਂ, ਪਰ ਅੱ.ਤ.ਵਾ.ਦ ਦਾ ਸਮਰਥਨ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ।”
Read More: MP ਰਾਘਵ ਚੱਢਾ ਨੇ ਪ੍ਰੀਤੀ ਜ਼ਿੰਟਾ ਤੇ ਸ਼੍ਰੇਅਸ ਅਈਅਰ ਸਮੇਤ ਸਾਰੀ ਟੀਮ ਨਾਲ ਕੀਤਾ ਮੁਲਾਕਾਤ