ਚੰਡੀਗੜ੍ਹ, 10 ਅਕਤੂਬਰ 2023: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਤੋਂ ਮੁਅੱਤਲ ਸੰਸਦ ਰਾਘਵ ਚੱਢਾ (Raghav Chadha) ਨੇ ਆਪਣੀ ਮੁਅੱਤਲੀ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਤੇ ਬੁੱਧਵਾਰ ਨੂੰ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜੱਜ ਸੰਜੀਵ ਨਰੂਲਾ ਦੀ ਬੈਂਚ ਸੁਣਵਾਈ ਕਰੇਗੀ। ਰਾਘਵ ਚੱਢਾ ਨੇ ਕੇਂਦਰ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਨਫਰਤ ਅਤੇ ਬਦਲੇ ਦੀ ਭਾਵਨਾ ਨਾਲ ਵਿਰੋਧੀ ਧਿਰ ‘ਤੇ ਏਜੰਸੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਵੀ ਭਾਜਪਾ ਖ਼ਿਲਾਫ਼ ਆਵਾਜ਼ ਨਾ ਉਠਾ ਸਕੇ। ਜਦੋਂ ਤੋਂ ਇੰਡੀਆ ਗਠਜੋੜ ਦਾ ਗਠਨ ਹੋਇਆ ਹੈ, ਉਦੋਂ ਤੋਂ ਹੀ ਇਨ੍ਹਾਂ ਏਜੰਸੀਆਂ ਵੱਲੋਂ ਛਾਪੇਮਾਰੀ ਲਗਾਤਾਰ ਵਧਦੀ ਜਾ ਰਹੀ ਹੈ।
ਇਹ ਉਨ੍ਹਾਂ ਦੇ ਡਰ ਨੂੰ ਦਰਸਾਉਂਦਾ ਹੈ। ਅੱਜ ਜੇਕਰ ਕੋਈ ਆਗੂ ਇਸ ਕੇਸ ਤੋਂ ਆਜ਼ਾਦ ਹੋਣਾ ਚਾਹੁੰਦਾ ਹੈ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੂੰ ਇਨਾਮ ਮਿਲੇਗਾ ਅਤੇ ਭਾਜਪਾ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਦੇ ਘਰ ਈਡੀ ਅਤੇ ਸੀਬੀਆਈ ਨਾਮ ਦੇ ਮਹਿਮਾਨ ਆਉਣਗੇ। ਜਿਕਰਯੋਗ ਹੈ ਕਿ ਅਗਸਤ ਮਹੀਨੇ ਵਿੱਚ ਸੰਸਦ ਦੇ ਸੈਸ਼ਨ ਦੌਰਾਨ 11 ਅਗਸਤ ਨੂੰ ਰਾਘਵ ਚੱਢਾ ਨੂੰ ਦਿੱਲੀ ਸੇਵਾਵਾਂ ਬਿੱਲ ਸਬੰਧੀ ਪੰਜ ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤਾਂ ਦੇ ਦੋਸ਼ ਹੇਠ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਰਾਘਵ ਚੱਢਾ (Raghav Chadha) ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਰਾਜ ਸਭਾ ਤੋਂ ਮੁਅੱਤਲ ਰਹੇਗਾ। ਇਸ ਤੋਂ ਪਹਿਲਾਂ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਵੀ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਹੰਗਾਮਾ ਕਰਨ ਅਤੇ ਅਨੁਸ਼ਾਸਨ ਭੰਗ ਕਰਨ ਕਾਰਨ ਚੇਅਰਮੈਨ ਜਗਦੀਪ ਧਨਖੜ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸੰਜੇ ਸਿੰਘ ਦੀ ਮੁਅੱਤਲੀ ਦੀ ਮਿਆਦ ਵੀ ਵਧਾ ਦਿੱਤੀ ਗਈ ਹੈ।
ਰਾਘਵ ਚੱਢਾ ਨੇ ਆਪਣੇ ਪੱਤਰ ‘ਤੇ ਜਿਨ੍ਹਾਂ ਸੰਸਦ ਮੈਂਬਰਾਂ ਦੇ ਦਸਤਖਤ ਦਿਖਾਏ ਸਨ, ਉਨ੍ਹਾਂ ‘ਚੋਂ ਪੰਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦਿੱਲੀ ਸਰਵਿਸਿਜ਼ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ‘ਚ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਪ੍ਰਸਤਾਵ ‘ਆਪ’ ਸੰਸਦ ਰਾਘਵ ਚੱਢਾ ਨੇ ਪੇਸ਼ ਕੀਤਾ ਸੀ। ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਦਰਜ ਕਰਵਾਇਆ ਹੈ।ਇਨ੍ਹਾਂ ਵਿੱਚ ਇੱਕ ਬੀਜਦ ਦਾ ਹੈ ਅਤੇ ਇੱਕ ਏਆਈਏਡੀਐਮਕੇ ਦਾ ਸੰਸਦ ਮੈਂਬਰ ਵੀ ਸ਼ਾਮਲ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੁੱਦੇ ‘ਤੇ ਜਾਂਚ ਦੀ ਮੰਗ ਕੀਤੀ ਸੀ। ਸਦਨ ਵਿੱਚ ਜਾਂਚ ਦੇ ਹੁਕਮ ਦੇਣ ਦੇ ਨਾਲ ਹੀ ਚੱਢਾ ਨੂੰ ਰਿਪੋਰਟ ਆਉਣ ਤੱਕ ਮੁਅੱਤਲ ਕਰ ਦਿੱਤਾ ਗਿਆ। ਰਾਘਵ ਚੱਢਾ ਨੇ ਇਸ ਕਾਰਵਾਈ ਵਿਰੁੱਧ ਚੁਣੌਤੀ ਦਿੱਤੀ ਹੈ।