ਬਰਨਾਲਾ, 06 ਅਪ੍ਰੈਲ 2026: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਤੀਰੇ ‘ਤੇ ਸਖ਼ਤ ਸਵਾਲ ਚੁੱਕੇ ਹਨ। ਐੱਮਪੀ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਛੋਟੀ ਉਮਰ ‘ਚ ਮਾਣ-ਸਨਮਾਨ ਦਿੱਤਾ ਅਤੇ ਆਮ ਆਦਮੀ ਪਾਰਟੀ ਦਾ ‘ਨੈਸ਼ਨਲ ਫੇਸ’ ਬਣਾਇਆ, ਅੱਜ ਜਦੋਂ ‘ਆਪ’ ਪਾਰਟੀ ਔਖੇ ਦੌਰ ‘ਚੋਂ ਗੁਜ਼ਰ ਰਹੀ ਹੈ ਤਾਂ ਰਾਘਵ ਚੱਢਾ ਨੇ ਚੁੱਪ ਧਾਰੀ ਹੋਈ ਹੈ। ਮੀਤ ਹੇਅਰ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਅਤੇ ਪੂਰੀ ਪਾਰਟੀ ਜਸ਼ਨ ਮਨਾ ਰਹੀ ਸੀ, ਉਦੋਂ ਰਾਘਵ ਚੱਢਾ ਨੇ ਵਧਾਈ ਸੰਬੰਧੀ ਟਵੀਟ ਤੱਕ ਨਹੀਂ ਕੀਤਾ।
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰਾਘਵ ਚੱਢਾ ਨੇ ਭਾਜਪਾ ਦੇ ਖ਼ਿਲਾਫ਼ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ, ਉਨ੍ਹਾਂ ਪ੍ਰਤੀ ਅਜਿਹੀ ਬੇਰੁਖੀ ਪਿੱਛੇ ਕੀ ਕਾਰਨ ਹਨ, ਇਹ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿਉਂਕਿ ਜਨਤਾ ਬਹੁਤ ਸਿਆਣੀ ਹੈ।
ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਵੀ ਲੋਕਾਂ ‘ਚ ਇਹ ਚਰਚਾ ਸੀ ਕਿ ਜੋ ਮੁੱਦੇ ਰਾਘਵ ਚੱਢਾ ਪਹਿਲਾਂ ਜ਼ੋਰ-ਸ਼ੋਰ ਨਾਲ ਚੁੱਕਦੇ ਸੀ, ਹੁਣ ਉਨ੍ਹਾਂ ‘ਤੇ ਖਾਮੋਸ਼ੀ ਕਿਉਂ ਹੈ? ਉਨ੍ਹਾਂ ਦਾਅਵਾ ਕੀਤਾ ਕਿ ਇਸ ਚੁੱਪ ਪਿੱਛੇ ਛਿਪੇ ਕਾਰਨ ਹੁਣ ਕਾਫੀ ਹੱਦ ਤੱਕ ਸਾਹਮਣੇ ਆ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ‘ਚ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ।
ਇਸਤੋਂ ਪਹਿਲਾਂ ਮੀਤ ਹੇਅਰ ਵਲੋਂ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਕਸਬੇ ਦੇ ਲੋਕ ਸ਼ਾਮਲ ਹੋਏ, ਜਿਨ੍ਹਾਂ ਨੂੰ ਮੀਤ ਹੇਅਰ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਮੀਤ ਹੇਅਰ ਨੇ ਕਿਹਾ ਕਿ ਉਹ ਮੈਂ ਮੁੱਖ ਮੰਤਰੀ ਸਾਹਿਬ ਦਾ ਖਾਸ ਤੌਰ ‘ਤੇ ਬਰਨਾਲੇ ਅਤੇ ਧਨੌਲੇ ਦੇ ਲੋਕਾਂ ਵੱਲੋਂ ਧੰਨਵਾਦ ਕਰਦਾ ਹਨ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ‘ਚ ਇੱਥੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦਿੱਤੇ ਹਨ। ਸਰਕਾਰ ਨੇ ਪੂਰੇ ਪੰਜਾਬ ‘ਚ ਬੇਮਿਸਾਲ ਕੰਮ ਕੀਤੇ ਹਨ; ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਜਾਂ ਨਹਿਰੀ ਮਹਿਕਮੇ ਦਾ। ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਜ਼ਿਮੀਦਾਰਾਂ ਨੂੰ ਦਿਨ ਵੇਲੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸਾਡੇ ਇੱਥੇ ਨਹਿਰੀ ਪਾਈਪਲਾਈਨਾਂ ਤੇ ਸੂਏ ਨਵੇਂ ਬਣੇ ਹਨ ਅਤੇ ਬਰਨਾਲੇ ਤੋਂ ਲੁਧਿਆਣੇ ਵਾਲੇ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ।
ਇਸ ਤੋਂ ਇਲਾਵਾ, ਪੰਜਾਬ ‘ਚ ‘ਸੜਕ ਸੁਰੱਖਿਆ ਫੋਰਸ’ ਦੀਆਂ ਗੱਡੀਆਂ ਚਲਾਈਆਂ ਹਨ। ਇਹ ਅਜਿਹੇ ਕੰਮ ਹਨ ਜੋ ਲੋਕਾਂ ਲਈ ਪ੍ਰੈਕਟੀਕਲ ਉਦਾਹਰਨਾਂ ਹਨ। ਜੇਕਰ ਕਸਬਾ ਧਨੌਲੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਸੀ ਅਤੇ ਬੱਚਿਆਂ ਦੇ ਬੈਠਣ ਲਈ ਵੀ ਜਗ੍ਹਾ ਨਹੀਂ ਸੀ। ਮੌਜੂਦਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕਰੋੜਾਂ ਰੁਪਏ ਦਿੱਤੇ ਹਨ। ਇਸਦੇ ਨਾਲ ਹੀ, ਸਰਕਾਰ ਹੁਣ ਮਹਿਲਾਵਾਂ ਨੂੰ 1500 ਰੁਪਏ ਦੇਣ ਜਾ ਰਹੀ ਹੈ।
ਇਹ ਸਾਰੇ ਕੰਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਹਨ ਅਤੇ ਜਨਤਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ’ਕੰਮ ਦੀ ਰਾਜਨੀਤੀ’ ‘ਤੇ ਮੋਹਰ ਲਾਉਣਗੇ ਅਤੇ ਦੁਬਾਰਾ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣਗੇ। ਅਧਿਕਾਰੀਆਂ ‘ਤੇ ਕਾਰਵਾਈ ਅਤੇ ਜਾਂਚ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਇਨਵੈਸਟੀਗੇਸ਼ਨ ਕਿਸ ਪੱਧਰ ‘ਤੇ ਹੋਈ ਹੈ ਅਤੇ ਉਸ ਦੇ ਸਿੱਟੇ ਕੀ ਹਨ, ਪਰ ਕਾਨੂੰਨ ਮੁਤਾਬਿਕ ਜੋ ਕਾਰਵਾਈ ਬਣਦੀ ਹੈ, ਉਹ ਜ਼ਰੂਰ ਹੋਵੇਗੀ। ਚਾਹੇ ਕੋਈ ਅਧਿਕਾਰੀ ਹੋਵੇ ਜਾਂ ਠੇਕੇਦਾਰ, ਜੇਕਰ ਕਿਸੇ ਨੇ ਕੰਮ ਘੱਟ ਕੀਤਾ ਹੈ ਜਾਂ ਕਮਿਸ਼ਨ ਲੈਣ ਵਰਗੀ ਕੋਈ ਗੱਲ ਸਾਹਮਣੇ ਆਉਂਦੀ ਹੈ, ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More: ਪੰਜਾਬ ਸਰਕਾਰ ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦੀ ਕਰਵਾਏਗੀ ਵਿਸ਼ੇਸ਼ ਗਿਰਦਾਵਰੀ




