MP Meet Hayer

MP ਮੀਤ ਹੇਅਰ ਨੇ ਲੋਕ ਸਭਾ ‘ਚ ਚੁੱਕਿਆ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਦਾ ਮੁੱਦਾ

ਨਵੀਂ ਦਿੱਲੀ/ਚੰਡੀਗੜ੍ਹ, 04 ਦਸੰਬਰ 2024: Rajpura-Chandigarh Rail link:  ਪੰਜਾਬ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (MP Meet Hayer) ਨੇ ਪੂਰੇ ਮਾਲਵਾ ਖੇਤਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਲੋਕ ਸਭਾ ‘ਚ ਚੁੱਕਿਆ ਹੈ |

ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਦਨ ‘ਚ ਰੇਲਵੇ ਨਾਲ ਸਬੰਧਤ ਬਿੱਲ ‘ਤੇ ਬਹਿਸ ‘ਚ ਹਿੱਸਾ ਲਿਆ | ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਰੇਲਵੇ ਆਮ ਲੋਕਾਂ ਲਈ ਆਵਾਜਾਈ ਦਾ ਸਭ ਤੋਂ ਸਸਤਾ ਅਤੇ ਆਸਾਨ ਸਾਧਨ ਹੈ। ਜਿਸ ਦਾ ਲਾਭ ਆਮ ਆਦਮੀ ਨੂੰ ਮਿਲਦਾ ਹੈ, ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਮਾਲਵਾ ਖੇਤਰ ਦੇ ਲੋਕ ਰੇਲ ਰਾਹੀਂ ਰਾਜਧਾਨੀ ਚੰਡੀਗੜ੍ਹ ਨਾਲ ਨਹੀਂ ਜੁੜੇ ਹਨ, ਜਿਸ ਲਈ ਰਾਜਪੁਰਾ ਅਤੇ ਚੰਡੀਗੜ੍ਹ ਨੂੰ ਜੋੜਨ ਲਈ ਰੇਲ ਮਾਰਗ ਦੀ ਲੋੜ ਹੈ।

ਉਨ੍ਹਾਂ (MP Meet Hayer) ਕਿਹਾ ਕਿ ਕੇਂਦਰ ਸਰਕਾਰ ਐਕੁਆਇਰ ਕੀਤੀ ਜ਼ਮੀਨ ਦਾ ਹਵਾਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਬਣਾਉਣ ਲਈ ਜ਼ਮੀਨ ਐਕੁਆਇਰ ਕੀਤੀ ਜਾ ਸਕਦੀ ਹੈ ਤਾਂ ਸਰਕਾਰੀ ਰੇਲ ਸੇਵਾ ਲਈ ਕਿਉਂ ਨਹੀਂ।ਇਸਦੇ ਨਾਲ ਹੀ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਸੀਨੀਅਰ ਨਾਗਰਿਕਾਂ ਅਤੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਰਿਆਇਤ ਨੂੰ ਬੰਦ ਕਰਨ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ | ਮੀਤ ਹੇਅਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਵੀ ਇਸ ਰਿਆਇਤ ਦੇ ਦਾਇਰੇ ‘ਚ ਲਿਆਂਦਾ ਜਾਵੇ।

ਮੀਤ ਹੇਅਰ ਨੇ ਇਹ ਵੀ ਆਖਿਆ ਕਿ ਬਰਨਾਲਾ-ਸੰਗਰੂਰ ਇਲਾਕੇ ਵਿੱਚ ਕੋਈ ਵੀ ਹਾਈ ਸਪੀਡ ਰੇਲ ਨਹੀਂ ਗੁਜ਼ਰਦੀ ਜਿਸ ਲਈ ਇਹ ਮੰਗ ਜਲਦ ਪੂਰੀ ਕੀਤੀ ਜਾਵੇ।ਉਨ੍ਹਾਂ ਬਰਨਾਲਾ-ਸੰਗਰੂਰ ਖੇਤਰ ‘ਚ ਹਾਈ ਸਪੀਡ ਰੇਲ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਮੀਤ ਹੇਅਰ ਨੇ ਰੇਲ ਨੈੱਟਵਰਕ ਦੇ ਹੌਲੀ ਵਿਸਤਾਰ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿਰਫ 15,000 ਕਿਲੋਮੀਟਰ ਨਵੀਆਂ ਰੇਲ ਲਾਈਨਾਂ ਜੋੜੀਆਂ ਗਈਆਂ ਹਨ।

ਮੀਤ ਹੇਅਰ ਨੇ ਨਿੱਜੀਕਰਨ ਵੱਲ ਸਰਕਾਰ ਦੇ ਵਧਦੇ ਰੁਝਾਨ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੋਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਗਿਆ, ਉਸੇ ਤਰ੍ਹਾਂ ਰੇਲਵੇ ਸੇਵਾਵਾਂ ਨੂੰ ਵੀ ਸੁਰੱਖਿਅਤ ਰੱਖਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਡਾਨ ਸਕੀਮ ਤਹਿਤ ਸਸਤੀਆਂ ਹਵਾਈ ਸੇਵਾਵਾਂ ਦੇਣ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸ ਲਈ ਸਰਕਾਰੀ ਰੇਲ ਸੇਵਾਵਾਂ ਨੂੰ ਮਜ਼ਬੂਤ ​​ਕਰਨਾ ਦੇਸ਼ ਵਾਸੀਆਂ ਲਈ ਸਥਾਈ ਅਤੇ ਲੋਕ ਭਲਾਈ ਦਾ ਉਪਾਅ ਹੋਵੇਗਾ |

Read More: ਨਿਤਿਨ ਗਡਕਰੀ ਵੱਲੋਂ ਪੰਜਾਬ ‘ਚ ਤਿੰਨ ਸੜਕੀ ਪ੍ਰੋਜੈਕਟਾਂ ‘ਤੇ ਅਧਿਕਾਰੀਆਂ ਨੂੰ ਕੰਮ ਕਰਨ ਦੇ ਹੁਕਮ

Scroll to Top