ਚੰਡੀਗੜ੍ਹ, 16 ਦਸੰਬਰ 2024: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਦੀ ਕਾਰਵਾਈ ਦੌਰਾਨ ਕਿਸਾਨਾਂ ਦਾ ਮੁੱਦਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਖ਼ਿਲਾਫ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੂੰ MSP ਗਾਰੰਟੀ ਕਾਨੂੰਨ ਬਣਾਉਣ ਦਾ ਲਿਖਤ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ ਗਿਆ |
ਮੀਤ ਹੇਅਰ (MP Meet Hayer) ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਗਾਰੰਟੀ ਕਾਨੂੰਨ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 11 ਬਜਟ ਪੇਸ਼ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ‘ਚੋਂ ਕਿਸੇ ਵੀ ‘ਚ ਕਿਸਾਨਾਂ ਦੀ ਆਮਦਨ ਵਧਾਉਣ ਦਾ ਕੋਈ ਜ਼ਿਕਰ ਨਹੀਂ ਹੈ |
ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 21 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ, ਉਹ ਆਪਣੇ ਲਈ ਨਹੀਂ ਸਗੋਂ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤ ‘ਤੇ ਬੈਠੇ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਪਾਕਿਸਤਾਨ ਵਾਂਗ ਬਣਾ ਦਿੱਤੀ ਹੈ |
ਮੀਤ ਹੇਅਰ ਨੇ ਕਿਹਾ ਕਿ ਕੁਝ ਉਦਯੋਗਪਤੀਆਂ ਦੇ 10 ਲੱਖ ਕਰੋੜ ਰੁਪਏ ਮੁਆਫ਼ ਕੀਤੇ ਗਏ, ਪਰ ਸਰਕਾਰ ਕਿਸਾਨਾਂ ਦੇ 18.5 ਲੱਖ ਕਰੋੜ ਰੁਪਏ ਮੁਆਫ਼ ਕਰਨ ਲਈ ਤਿਆਰ ਨਹੀਂ |
ਕਿਸਾਨਾਂ ਨੇ ਦੇਸ਼ ਲਈ ਆਪਣੀ ਜ਼ਮੀਨ, ਪਾਣੀ ਸਭ ਕੁਝ ਬਰਬਾਦ ਕਰ ਦਿੱਤਾ ਪਰ ਅੱਜ ਉਨ੍ਹਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ | ਮੀਤ ਹੇਅਰ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਕਰੇ |
Read More: Farmers Protest: ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋਂ CM ਭਗਵੰਤ ਮਾਨ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਸਲਾਹ