ਵਕਫ਼ ਬਿੱਲ

MP ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਕਫ਼ ਬਿੱਲ ਸਖ਼ਤ ਵਿਰੋਧ

ਚੰਡੀਗੜ੍ਹ/ ਨਵੀਂ ਦਿੱਲੀ, 02 ਅਪ੍ਰੈਲ 2025: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੰਸਦ ‘ਚ ਆਪਣੀਆਂ ਦਲੀਲਾਂ ਨਾਲ ਵਕਫ਼ ਬਿੱਲ ਦਾ ਸਖ਼ਤ ਵਿਰੋਧ ਕੀਤਾ ਅਤੇ ਇਸਨੂੰ ਭਾਜਪਾ ਸਰਕਾਰ ਲਈ ਘੱਟ ਗਿਣਤੀ ਦੇ ਧਰਮਾਂ ਨੂੰ ਲੁੱਟਣ ਦਾ ਰਾਹ ਪੱਧਰਾ ਕਰਨ ਵਾਲਾ ਬਿੱਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਵਕਫ਼ ਜਾਇਦਾਦਾਂ ਨੂੰ ਹੜੱਪਣ ਲਈ ਲਿਆਂਦਾ ਗਿਆ ਹੈ।

ਐੱਮ.ਪੀ ਮੀਤ ਹੇਅਰ ਨੇ ਕਿਹਾ ਕਿ ਅੱਜ ਵਕਫ਼ ‘ਤੇ ਹਮਲਾ ਹੋ ਰਿਹਾ ਹੈ, ਜਿਸ ਨਾਲ ਭਵਿੱਖ ‘ਚ ਸਿੱਖਾਂ, ਬੋਧੀਆਂ ਆਦਿ ਵਰਗੇ ਹੋਰ ਘੱਟ ਗਿਣਤੀ ਧਰਮਾਂ ‘ਤੇ ਹਮਲਿਆਂ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੇ ਤੌਰ ‘ਤੇ ਧਾਰਾ 14 ਦੀ ਸਿੱਧੀ ਉਲੰਘਣਾ ਹੋਈ ਹੈ।

ਉਨ੍ਹਾਂ ਕਿਹਾ ਕਿ ਕਾਨੂੰਨ ਦੀ ਇੱਕ ਧਾਰਾ ਮੁਤਾਬਕ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ‘ਚ ਇਬਾਦਤ ਕਰਨ ਦਾ ਕਿਵੇਂ ਪਤਾ ਲਗਾਓਗੇ। ਮੀਤ ਹੇਅਰ ਨੇ ਕਿਹਾ ਕਿ ਇਹ ਬਿੱਲ ਭਾਜਪਾ ਦੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ‘ਚ ਕੇਂਦਰ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਰਵੱਈਆ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ। ਇਹ ਰਵੱਈਆ ਬਿਆਨਬਾਜ਼ੀ ਰਾਹੀਂ ਨਹੀਂ ਸਗੋਂ ਕੰਮਾਂ ਰਾਹੀਂ ਪ੍ਰਗਟ ਹੁੰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਕਹਿੰਦੇ ਹਨ ਕਿ ਸਰਕਾਰ ਮੁਸਲਮਾਨਾਂ ਪ੍ਰਤੀ ਗੰਭੀਰ ਹੈ, ਪਰ ਉੱਤਰ ਪ੍ਰਦੇਸ਼ ‘ਚ ਭਾਜਪਾ ਦਾ ਇੱਕ ਵੀ ਮੁਸਲਿਮ ਲੋਕ ਸਭਾ ਮੈਂਬਰ ਨਹੀਂ ਹੈ ਅਤੇ ਨਾ ਹੀ ਕੋਈ ਮੁਸਲਿਮ ਵਿਧਾਇਕ ਹੈ।

ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੇ ਸੱਚਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਦਲੀਲ ਦਿੱਤੀ ਹੈ, ਪਰ ਸੱਚਰ ਕਮੇਟੀ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਦੇਸ਼ ਵਿੱਚ ਵਕਫ਼ ਬੋਰਡ ਦੀਆਂ 70 ਪ੍ਰਤੀਸ਼ਤ ਜਾਇਦਾਦਾਂ ‘ਤੇ ਕਬਜ਼ਾ ਕੀਤਾ ਗਿਆ ਹੈ ਅਤੇ ਇਸ ਦਾ 355 ਪ੍ਰਤੀਸ਼ਤ ਹਿੱਸਾ ਸਰਕਾਰ ਦੇ ਕੰਟਰੋਲ ਹੇਠ ਹੈ। ਸਰਕਾਰ ਨੇ ਇਸ ਬਾਰੇ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਦੇਸ਼ ‘ਚ ਕਈ ਇਤਿਹਾਸਕ ਇਮਾਰਤਾਂ, ਮਸਜਿਦਾਂ ਅਤੇ ਵਿਦਿਅਕ ਸੰਸਥਾਵਾਂ ਸੈਂਕੜੇ ਸਾਲ ਪੁਰਾਣੀਆਂ ਹਨ, ਉਹ ਕਾਗਜ਼ਾਤ ਕਿੱਥੋਂ ਲਿਆਉਣਗੇ?

ਉਨ੍ਹਾਂ ਨੇ ਆਪਣੇ ਸੰਸਦੀ ਹਲਕੇ ਮਲੇਰਕੋਟਲਾ ਕਸਬੇ ਵਿੱਚ ਸ਼ੇਰ ਮੁਹੰਮਦ ਖਾਨ ਦੇ ‘ਹਾਅ’ ਦੇ ਨਾਅਰੇ ਦੇ ਸਮੇਂ ਤੋਂ ਹੁਣ ਤੱਕ ਸਾਰੇ ਧਰਮਾਂ ‘ਚ ਆਪਸੀ ਭਾਈਚਾਰੇ ਅਤੇ ਏਕਤਾ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮਲੇਰਕੋਟਲਾ ਦੇ ਵਸਨੀਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਸ ਬਿੱਲ ਦਾ ਵਿਰੋਧ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।

ਆਪ ਲੋਕ ਸਭਾ ਮੈਭਰ ਨੇ ਕਿਹਾ ਕਿ ਇਸ ਬਿੱਲ ਨਾਲ ਦੇਸ਼ ਦੇ ਸੰਵਿਧਾਨ ਉੱਤੇ ਹਮਲਾ ਕੀਤਾ ਗਿਆ ਹੈ। ਆਰਟੀਕਲ 26 ਤਹਿਤ ਆਪਣੀ ਸੰਸਥਾ ਬਣਾ ਵੀ ਸਕਦੇ ਹਨ ਤੇ ਉਸ ਨੂੰ ਚਲਾ ਵੀ ਸਕਦੇ ਹਨ ਅਤੇ ਅੱਜ ਇਸ ਉੱਪਰ ਹੀ ਹਮਲਾ ਕੀਤਾ ਗਿਆ ਹੈ।

Read More: ਵਕਫ਼ ‘ਚ ਇੱਕ ਵੀ ਗੈਰ-ਮੁਸਲਿਮ ਸ਼ਾਮਲ ਨਹੀਂ ਹੋਵੇਗਾ: ਅਮਿਤ ਸ਼ਾਹ

Scroll to Top