Gurjit Singh Aujla

ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੇ ਮੁੱਦੇ ‘ਤੇ MP ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 27 ਨਵੰਬਰ 2024: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (MP Gurjit Singh Aujla) ਨੇ ਅੱਜ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਤਿਨ ਪ੍ਰਸਾਦ ਨਾਲ ਮੁਲਾਕਾਤ ਕੀਤੀ ਹੈ । ਇਸ ਦੌਰਾਨ ਉਨ੍ਹਾਂ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੇ ਮੁੱਦੇ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਤੋਂ ਜਵੈਲਰੀ ਐਕਸਪੋਰਟ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਧੰਨਵਾਦ ਵੀ ਕੀਤਾ ਹੈ ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇੰਪੋਰਟ ਐਕਸਪੋਰਟ ਕਰਨ ਬਾਰੇ ਜਤਿਨ ਪ੍ਰਸਾਦ ਨਾਲ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਨਾਲ ਸੜਕੀ ਅਤੇ ਹਵਾਈ ਮਾਰਗਾਂ ਰਾਹੀਂ ਇੰਪੋਰਟ ਐਕਸਪੋਰਟ ‘ਤੇ ਵਿਸਤ੍ਰਿਤ ਚਰਚਾ ਕੀਤੀ ।

ਗੁਰਜੀਤ ਸਿੰਘ ਔਜਲਾ (MP Gurjit Singh Aujla) ਨੇ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਵਾਹਗਾ ਰਾਹੀਂ ਪਾਕਿਸਤਾਨ ਨਾਲ ਬੰਦ ਵਪਾਰ ਖੋਲ੍ਹਣ ‘ਤੇ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਾ ਹੋਣ ਕਾਰਨ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਬਹੁਤ ਲੋੜ ਹੈ, ਇਸ ਨਾਲ ਸਮੁੱਚੇ ਅੰਮ੍ਰਿਤਸਰ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਪੋਰਟ-ਐਕਸਪੋਰਟ ਬਾਰੇ ਵੀ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਇਸ ਦੇ ਵਿਕਾਸ ਅਤੇ ਪਸਾਰ ਲਈ ਸਰਕਾਰ ਨੂੰ ਉਨ੍ਹਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਇੱਥੋਂ ਵੱਧ ਤੋਂ ਵੱਧ ਸਾਮਾਨ ਆ ਸਕੇ ਅਤੇ ਜਾ ਸਕੇ ।

ਅੰਮ੍ਰਿਤਸਰ ਤੋਂ ਜਵੈਲਰੀ ਐਕਸਪੋਰਟ ਸ਼ੁਰੂ ਕਰਨ ਦੀ ਇਜਾਜ਼ਤ ਦੇਣ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਤਿਨ ਪ੍ਰਸਾਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੀ ਬਹੁਤ ਲੋੜ ਸੀ ਅਤੇ ਇਸ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ। ਇਸ ਦੇ ਲਈ ਇਕੱਠਿਆਂ ਜਾਣਕਾਰੀ ਦਿੱਤੀ ਅਤੇ ਮੰਗ ਰੱਖੀ ਗਈ, ਫਿਰ ਲਗਾਤਾਰ ਪੱਤਰ ਵਿਹਾਰ ਰਾਹੀਂ ਇਹ ਮੰਗ ਵੀ ਚੁੱਕੀ ਗਈ ਅਤੇ ਹੁਣ ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕੀਤਾ ।

ਔਜਲਾ ਨੇ ਕਿਹਾ ਕਿ ਜਿਤਿਨ ਪ੍ਰਸਾਦ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਲਈ ਹੋਰ ਵੀ ਵਧੀਆ ਫੈਸਲੇ ਲਏ ਜਾਣਗੇ ਅਤੇ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ‘ਤੇ ਕੰਮ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅੰਮ੍ਰਿਤਸਰ ਨੂੰ ਵਿਕਸਤ ਸ਼ਹਿਰ ਬਣਾਇਆ ਜਾ ਸਕੇ |

Scroll to Top