ਨਵੀਂ ਦਿੱਲੀ, 24 ਅਕਤੂਬਰ 2024 (ਦਵਿੰਦਰ ਸਿੰਘ): ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ (Dr. Vikramjit Singh Sahney) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ‘ਚ ਝੋਨੇ ਦੀ ਢਿੱਲੀ ਖਰੀਦ ਦੇ ਮੁੱਦੇ ‘ਤੇ ਦਖਲ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ |
ਐੱਮਪੀ ਡਾ. ਵਿਕਰਮਜੀਤ ਸਿੰਘ ਸਾਹਨੀ (Dr. Vikramjit Singh Sahney) ਨੇ ਦੱਸਿਆ ਕਿ ਰਾਈਸ ਮਿੱਲਰਾਂ ਨੇ ਮੁੱਖ ਤੌਰ ‘ਤੇ ਐਫ.ਸੀ.ਆਈ (FCI) ਵੱਲੋਂ ਲਿਫਟਿੰਗ ਨਾ ਕੀਤੇ ਜਾਣ ਕਾਰਨ ਭੰਡਾਰਨ ਦੀ ਥਾਂ ਦੀ ਘਾਟ ਕਾਰਨ ਝੋਨਾ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ । ਖੁਸ਼ਕਿਸਮਤੀ ਨਾਲ ਸਰਕਾਰ ਦੇ ਦਖਲ ਤੋਂ ਬਾਅਦ ਕੁੱਲ 5000 ‘ਚੋਂ 3000 ਰਾਈਸ ਮਿੱਲਰ ਝੋਨੇ ਦੀ ਖਰੀਦ ਲਈ ਆ ਗਏ ਹਨ, ਪਰ ਸਟੋਰੇਜ ਲਈ ਜਗ੍ਹਾ ਦੀ ਘਾਟ ਮੁੱਖ ਮੁੱਦਾ ਬਣਿਆ ਹੋਇਆ ਹੈ।
ਉਨ੍ਹਾਂ (Dr. Vikramjit Singh Sahney) ਨੇ ਕਿਹਾ ਕਿ ਪੰਜਾਬ ਨੇ ਦਹਾਕਿਆਂ ਤੋਂ ਕੇਂਦਰੀ ਪੂਲ ‘ਚ ਝੋਨੇ ਦਾ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਸ ਸਾਲ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ 180 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਕੀਤੀ ਹੈ, ਪਰ ਬਦਕਿਸਮਤੀ ਨਾਲ ਪਿਛਲੇ ਸਾਲ ਦਾ 120 ਲੱਖ ਮੀਟ੍ਰਿਕ ਟਨ ਝੋਨਾ ਅਜੇ ਵੀ ਗੁਦਾਮਾਂ ‘ਚ ਸਟੋਰ ਕੀਤਾ ਹੋਇਆ ਹੈ।
ਇਹ ਬੈਕਲਾਗ ਮੁੱਖ ਤੌਰ ‘ਤੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ‘ਤੇ ਸਰਕਾਰ ਦੀ ਪਾਬੰਦੀ ਕਾਰਨ ਹੈ, ਜਿਸ ਕਾਰਨ ਝੋਨਾ ਇਕੱਠਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਲਈ ਪਿਛਲੇ ਸਾਲ ਚੌਲਾਂ ਦੀ ਵੱਡੀ ਮਾਤਰਾ ‘ਚ ਖਰੀਦ ਨਹੀਂ ਕੀਤੀ, ਜਿਸ ਨਾਲ ਗੁਦਾਮਾਂ ‘ਚ ਸਰਪਲੱਸ ‘ਚ ਝੋਨਾ ਪਿਆ ਹੈ। ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਸਿਰਫ 10 ਲੱਖ ਟਨ ਝੋਨੇ ਦੀ ਹੀ ਲਿਫਟਿੰਗ ਹੋਈ ਹੈ
ਇਹ ਦੇਖਦਿਆਂ ਕਿ 1 ਅਕਤੂਬਰ ਨੂੰ ਸਰਕਾਰੀ ਖਰੀਦ ਪ੍ਰਕਿਰਿਆ ਸ਼ੁਰੂ ਹੋਈ ਸੀ, ਮੌਜੂਦਾ ਚੁਣੌਤੀਆਂ ਨੇ ਸਾਡੇ ਕਿਸਾਨਾਂ ਨੂੰ ਗੰਭੀਰ ਸਥਿਤੀ ‘ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਰੀਦ ਸ਼ੁਰੂ ਹੋਏ 20 ਦਿਨ ਬੀਤ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਕਈਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦਿਆਂ ਗਰੀਬ ਕਿਸਾਨ ਸਭ ਤੋਂ ਵੱਧ ਨੁਕਸਾਨ ਦਾ ਸ਼ਿਕਾਰ ਹੋ ਰਹੇ ਹਨ।