Dr. Vikramjit Singh Sahney

MP ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵਿੱਤ ਤੇ ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ

ਨਵੀਂ ਦਿੱਲੀ, 23 ਅਕਤੂਬਰ 2024 (ਦਵਿੰਦਰ ਸਿੰਘ): ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ (Dr. Vikramjit Singh Sahney) ਨੂੰ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦਾ ਮੈਂਬਰ ਅਤੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦਾ ਵਿਸ਼ੇਸ਼ ਸੱਦੇ ‘ਤੇ ਸਥਾਈ ਮੈਂਬਰ ਨਿਯੁਕਤ ਕੀਤਾ ਹੈ।

ਜਿਕਰਯੋਗ ਹੈ ਕਿ ਡਾ. ਵਿਕਰਮਜੀਤ ਸਿੰਘ ਸਾਹਨੀ ਵਿਦੇਸ਼ਾਂ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਾਹਨੀ ਨੇ ਸੰਸਦ ਮੈਂਬਰ ਵਜੋਂ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ 150 ਤੋਂ ਵੱਧ ਵਿਅਕਤੀਆਂ ਦੀ ਵਤਨ ਵਾਪਸੀ ‘ਚ ਸਫਲਤਾਪੂਰਵਕ ਮੱਦਦ ਕਰ ਚੁੱਕੇ ਹਨ।

ਮਾਨਵਤਾਵਾਦੀ ਯਤਨਾਂ ਪ੍ਰਤੀ ਉਹਨਾ ਦੇ ਸਮਰਪਣ ਦੀ ਮਿਸਾਲ 2020 ‘ਚ ਅਫਗਾਨ ਯੁੱਧ ਦੌਰਾਨ ਉਹਨਾ ਦੇ ਪਹਿਲੇ ਕੰਮ ਦੁਆਰਾ ਮਿਲਦੀ ਹੈ, ਜਿੱਥੇ ਉਨ੍ਹਾਂ ਨੇ 500 ਤੋਂ ਵੱਧ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਬਾਹਰ ਕੱਢਣ ‘ਚ ਅਹਿਮ ਭੂਮਿਕਾ ਨਿਭਾਈ ਸੀ।

ਡਾਕਟਰ ਵਿਕਰਮਜੀਤ ਸਾਹਨੀ (Dr. Vikramjit Singh Sahney) ਆਪਣੇ ਮਾਨਵਵਾਦੀ ਉਪਰਾਲਿਆਂ ਤੋਂ ਇਲਾਵਾ ਪੰਜਾਬ ਦੇ ਵਿੱਤੀ ਸੰਕਟ ਦਾ ਮੁੱਦਾ ਵੀ ਲਗਾਤਾਰ ਚੁੱਕਦੇ ਰਹੇ ਹਨ। ਸਾਹਨੀ ਨੇ ਕੇਂਦਰ ਸਰਕਾਰ ਨੂੰ ਸੂਬੇ ਲਈ ਲੋੜੀਂਦੇ ਉਪਾਅ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਯਤਨਾਂ ਦਾ ਉਦੇਸ਼ ਟਿਕਾਊ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣਾ ਹੈ।

ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਪਣੀ ਨਿਯੁਕਤੀ ‘ਤੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਮਹੱਤਵਪੂਰਨ ਕਮੇਟੀਆਂ ਲਈ ਨਿਯੁਕਤ ਕੀਤੇ ਜਾਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਭਾਰਤ ਨੂੰ ਦਰਪੇਸ਼ ਵਿੱਤੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਾਡੇ ਵਿਦੇਸ਼ੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਸਾਥੀ ਮੈਂਬਰਾਂ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਨ | ਇਹ ਯਕੀਨੀ ਬਣਾਉਣ ਲਈ ਕਿ ਅਸੀਂ ਦੇਸ਼ ਅਤੇ ਵਿਦੇਸ਼ ‘ਚ ਸਾਰੇ ਭਾਰਤੀਆਂ ਦੇ ਹਿੱਤਾਂ ਦੀ ਸੇਵਾ ਕਰਦੇ ਰਹਾਂਗੇ।

Scroll to Top