Morena

Morena: ਚੰਬਲ ਨਦੀ ਨੂੰ ਪਾਰ ਕਰਦੇ ਸਮੇਂ 17 ਸ਼ਰਧਾਲੂ ਰੁੜ੍ਹੇ, ਤਿੰਨ ਜਣਿਆਂ ਦੀ ਮੌਤ

ਚੰਡੀਗੜ੍ਹ, 18 ਮਾਰਚ 2023: ਮੁਰੈਨਾ (Morena) ਜ਼ਿਲ੍ਹੇ ਵਿੱਚ ਇੱਕ ਵਡਾ ਹਾਦਸਾ ਵਾਪਰਿਆ ਹੈ । ਜ਼ਿਲ੍ਹੇ ‘ਚ ਚੰਬਲ ਨਦੀ ਨੂੰ ਪਾਰ ਕਰਦੇ ਸਮੇਂ 17 ਸ਼ਰਧਾਲੂ ਰੁੜ੍ਹ ਗਏ, ਜਿਨ੍ਹਾਂ ‘ਚੋਂ 8 ਜਣਿਆਂ ਨੂੰ ਤੈਰ ਕੇ ਬਾਹਰ ਨਿਕਲੇ ਜਦਕਿ ਕਈ ਸ਼ਰਧਾਲੂ ਡੁੱਬ ਗਏ। ਘਟਨਾ ਤੋਂ ਬਾਅਦ ਗੋਤਾਖੋਰਾਂ ਨੇ ਤਿੰਨ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ ਹੈ। ਇਸ ਦੇ ਨਾਲ ਹੀ ਚਾਰ ਸ਼ਰਧਾਲੂ ਅਜੇ ਵੀ ਲਾਪਤਾ ਹਨ। ਘਟਨਾ ਟੇਂਟਰਾ ਥਾਣਾ ਖੇਤਰ ‘ਚ ਸਥਿਤ ਰੇਡੀ-ਰਾਧੇਨ ਘਾਟ ਦੀ ਹੈ।

ਚੰਬਲ ਵਿੱਚ ਡੁੱਬਣ ਵਾਲੇ ਸਾਰੇ ਸ਼ਰਧਾਲੂ ਸ਼ਿਵਪੁਰੀ ਜ਼ਿਲ੍ਹੇ ਦੇ ਦੱਸੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁਸ਼ਵਾਹਾ ਭਾਈਚਾਰੇ ਦੇ ਲੋਕ ਸ਼ਿਵਪੁਰੀ ਤੋਂ ਕਰੌਲੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਪੈਦਲ ਜਾ ਰਹੇ ਸਨ। ਜੋ ਚੰਬਲ ਨਦੀ ਪਾਰ ਕਰਦੇ ਸਮੇਂ ਰੁੜ੍ਹ ਗਏ, ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਸੂਚਨਾ ਮਿਲਦੇ ਹੀ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਬੁਲਾ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੰਬਲ ਨਦੀ ‘ਚ ਵਾਪਰੇ ਦਰਦਨਾਕ ਹਾਦਸੇ ਦਾ ਨੋਟਿਸ ਲਿਆ ਹੈ ਅਤੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਮੁੱਖ ਮੰਤਰੀ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੰਬਲ ਨਦੀ ਵਿੱਚ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਲੋੜੀਂਦੇ ਸਾਧਨਾਂ ਨਾਲ ਮੌਕੇ ‘ਤੇ ਮੌਜੂਦ ਹੈ, ਐਸਡੀਆਰਐਫ ਦੀ ਟੀਮ ਪਹੁੰਚ ਰਹੀ ਹੈ, ਸਥਾਨਕ ਗੋਤਾਖੋਰ ਦਰਿਆ ‘ਚ ਵਹਿ ਗਏ ਸ਼ਰਧਾਲੂਆਂ ਦੀ ਭਾਲ ਕਰ ਰਹੇ ਹਨ। ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਬਚਾਅ ਅਤੇ ਲੋੜੀਂਦੀ ਮਦਦ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

 

Scroll to Top