DGP Gaurav Yadav

ਬਦਮਾਸ਼ਾਂ ਦਾ ਨਾਂ ਲੈ ਕੇ 80 ਫੀਸਦ ਤੋਂ ਵੱਧ ਫਿਰੌਤੀ ਕਾਲਾਂ ਸਥਾਨਕ ਅਪਰਾਧੀ ਕਰਦੇ ਹਨ: DGP ਗੌਰਵ ਯਾਦਵ

ਜਲੰਧਰ, 21 ਅਕਤੂਬਰ 2024: ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇੱਕ ਬੇਮਿਸਾਲ ਫੋਰਸ ਹੈ, ਜਿਸ ਨੇ ਸ਼ਾਂਤੀ ਅਤੇ ਅਸਥਿਰਤਾ ਦੇ ਸਮੇਂ ‘ਚ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

ਦੇਸ਼ ਦੀ ਰਾਖੀ ਕਰਦੇ ਹੋਏ ਅ.ਤਿ.ਵਾ.ਦੀਆਂ ਅਤੇ ਅਪਰਾਧੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ (police personnel) ਨੂੰ ਅੱਜ ਸ਼ਰਧਾਂਜਲੀ ਭੇਂਟ ਕਰਨ ਲਈ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ ਵਿਖੇ 65ਵਾਂ ਰਾਜ ਪੱਧਰੀ ਪੁਲਿਸ ਯਾਦਗਾਰੀ ਦਿਹਾੜੇ ਮਨਾਇਆ। ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਹੁਣ ਤੱਕ ਇਸ ਸਾਲ ਤੱਕ ਦੋ ਜਵਾਨਾਂ ਸਮੇਤ ਪੰਜਾਬ ਪੁਲਿਸ ਦੇ 1799 ਜਵਾਨਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦ ਹਵਾ ‘ਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੀ ਬਹਾਦਰੀ, ਦਲੇਰੀ ਅਤੇ ਅ.ਤਿ.ਵਾ.ਦ ਨੂੰ ਜੜ੍ਹੋਂ ਪੁੱਟਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਦੁਸ਼ਮਣਾਂ ਤੋਂ ਮਾਤ ਭੂਮੀ ਦੀ ਰਾਖੀ ਕਰਨ ‘ਚ ਮੋਹਰੀ ਰਹਿੰਦੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ‘ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਲਗਾਤਾਰ ਯਤਨ ਕਰਦੀ ਰਹੇਗੀ।

ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਕਿਹਾ ਕਿ ਸਟਰੀਟ ਕ੍ਰਾਈਮ ਅਤੇ ਨਸ਼ਾ ਵੇਚਣਾ ਦੋ ਗੰਭੀਰ ਚੁਣੌਤੀਆਂ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਨਾਗਰਿਕਾਂ ‘ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਟਰੀਟ ਕ੍ਰਾਈਮ ਨਾਲ ਨਜਿੱਠਣ ਲਈ ਕ੍ਰਾਈਮ ਮੈਪਿੰਗ ਦੀ ਵਰਤੋਂ ਕਰਕੇ ਅਪਰਾਧ ਦੇ ਹੌਟਸਪੌਟਸ ਦੀ ਪਛਾਣ ਕਰਨ ਅਤੇ ਅਜਿਹੇ ਖੇਤਰਾਂ ‘ਚ ਪੁਲਿਸ ਗਸ਼ਤ ਅਤੇ ਤਾਇਨਾਤੀ ਵਧਾਉਣ ਲਈ ਰਣਨੀਤੀ ਤਿਆਰ ਕੀਤੀ ਹੈ।

ਇਸੇ ਤਰ੍ਹਾਂ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲੇ ਸਥਾਨਾਂ ਬਾਰੇ ਸਹੀ ਅਤੇ ਠੋਸ ਜਾਣਕਾਰੀ ਹਾਸਲ ਕਰਨ ਲਈ ਸੀਪੀ/ਐਸਐਸ ਤਾਇਨਾਤ ਕੀਤੇ ਜਾ ਰਹੇ ਹਨ।

ਫਿਰੌਤੀ ਦੀਆਂ ਕਾਲਾਂ ਬਾਰੇ ਪੱਤਰਕਾਰਾਂ ਦੇ ਸਵਾਲ ‘ਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਅਜਿਹੀਆਂ ਕਾਲਾਂ ‘ਚੋਂ 80 ਫੀਸਦੀ ਤੋਂ ਵੱਧ ਕਾਲਾਂ ਗੈਂਗਸਟਰਾਂ ਦੀ ਆੜ ‘ਚ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ, ਜਦੋਂ ਕਿ 20 ਫੀਸਦੀ ਤੋਂ ਵੀ ਘੱਟ ਅਸਲ ਫਿਰੌਤੀ ਕਾਲਾਂ ਹੁੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਅਪਰਾਧਾਂ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ |

ਡੀਜੀਪੀ ਨੇ ਕਿਹਾ ਕਿ ਜੇਕਰ ਕੋਈ ਅਪਰਾਧੀ ਪੁਲਿਸ ਟੀਮ ‘ਤੇ ਗੋਲੀ ਚਲਾ ਦਿੰਦਾ ਹੈ ਤਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੈ-ਰੱਖਿਆ ਲਈ ਜਵਾਬੀ ਕਾਰਵਾਈ ਕਰਨ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਭਰ ਦੇ 300 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਜਿੱਥੇ ਪੁਲਿਸ ਮੁਲਾਜ਼ਮਾਂ ਲਈ ਰਿਆਇਤੀ ਦਰਾਂ ‘ਤੇ ਮੈਡੀਕਲ ਸਹੂਲਤਾਂ ਉਪਲਬੱਧ ਹਨ।

Read More: ਭਾਰਤ ਤੇ ਚੀਨ ਵਿਚਾਲੇ LAC ‘ਤੇ ਗਸ਼ਤ ਤੇ ਫੌਜੀ ਤਣਾਅ ਨੂੰ ਘੱਟ ਕਰਨ ‘ਤੇ ਬਣੀ ਸਹਿਮਤੀ

ਇਸ ਦੌਰਾਨ ਡੀਜੀਪੀ ਗੌਰਵ ਯਾਦਵ (DGP Gaurav Yadav)  ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਮਦਰਦੀ ਨਾਲ ਸੁਣਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੂਰਨ ਸਹਿਯੋਗ ਅਤੇ ਮੱਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਪੀ.ਏ.ਪੀ. ਕੈਂਪਸ ‘ਚ ਬਣੇ ਪੁਲਿਸ ਸ਼ਹੀਦੀ ਸਮਾਰਕ ਵਿਖੇ ਯਾਦਗਾਰੀ ਪਰੇਡ ਵੀ ਕੀਤੀ ਗਈ।

ਇਸ ਤੋਂ ਬਾਅਦ 75ਵੀਂ ਬਟਾਲੀਅਨ ਪੀਏਪੀ ਜਲੰਧਰ ਪੰਜਾਬ ਦੇ ਕਮਾਂਡੈਂਟ ਵਿਵੇਕ ਸ਼ੀਲ ਸੋਨੀ ਨੇ ਇਸ ਸਾਲ ਅਮਨ-ਕਾਨੂੰਨ ਦੀ ਵਿਵਸਥਾ ਲਈ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਅਤੇ ਪੀ.ਐਚ.ਜੀ. ਨੂੰ ਸ਼ਰਧਾਂਜਲੀ ਭੇਟ ਕੀਤੀ। ਜਸਪਾਲ ਸਿੰਘ ਸਮੇਤ ਇਸ ਸਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ 213 ਬਹਾਦਰ ਪੁਲਿਸ ਮੁਲਾਜ਼ਮਾਂ ਦੇ ਨਾਂ ਵੀ ਪੜ੍ਹੇ । ਇਸ ਮੌਕੇ ਸ਼ਹੀਦਾਂ ਦੀ ਯਾਦ ‘ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ |

ਜਿਕਰਯੋਗ ਹੈ ਕਿ ਪੁਲਿਸ ਯਾਦਗਾਰੀ ਦਿਹਾੜਾ 21 ਅਕਤੂਬਰ 1959 ਦੀ ਘਟਨਾ ਨਾਲ ਸਬੰਧਤ ਹੈ, ਜਦੋਂ ਐੱਸ.ਆਈ. ਕਰਮ ਸਿੰਘ ਦੀ ਅਗਵਾਈ ਹੇਠ ਲੱਦਾਖ ਦੇ ਹੌਟ ਸਪ੍ਰਿੰਗਜ਼ ਵਿਖੇ ਸੀ.ਆਰ.ਪੀ.ਐਫ. ਗਸ਼ਤੀ ਦਲ ‘ਤੇ ਚੀਨੀ ਬਲਾਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ | ਇਸ ਦੌਰਾਨ ਸਾਡੇ 10 ਜਵਾਨ ਸ਼ਹੀਦ ਹੋ ਗਏ ਸਨ। ਸਾਡੇ ਬਹਾਦਰ ਸੈਨਿਕਾਂ ਨੇ 16,000 ਫੁੱਟ ਦੀ ਉਚਾਈ ‘ਤੇ ਅਤੇ ਕੜਾਕੇ ਦੀ ਠੰਡ ‘ਚ ਔਕੜਾਂ ਦਾ ਸਾਹਮਣਾ ਕਰਕੇ ਅਤੇ ਦੇਸ਼ ਲਈ ਕੁਰਬਾਨੀਆਂ ਦੇ ਕੇ ਆਪਣੇ ਬੁਲੰਦ ਜਜ਼ਬੇ ਅਤੇ ਦਲੇਰੀ ਦਾ ਸਬੂਤ ਦਿੱਤਾ।

ਹਰ ਸਾਲ, 21 ਅਕਤੂਬਰ, 1959 ਨੂੰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੁਆਰਾ ਦੇਸ਼ ਦੇ ਸਾਰੇ ਪੁਲਿਸ ਬਲਾਂ ਦੀ ਪ੍ਰਤੀਨਿਧ ਟੀਮ ਨੂੰ ਹੌਟ ਸਪ੍ਰਿੰਗਜ਼ ਲੱਦਾਖ ਭੇਜਿਆ ਜਾਂਦਾ ਹੈ।

ਹਰ ਸਾਲ 21 ਅਕਤੂਬਰ ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਰੀਆਂ ਪੁਲਿਸ ਯੂਨਿਟਾਂ ‘ਚ ਸ਼ਰਧਾਂਜਲੀ ਪਰੇਡ ਦਾ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮੌਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ‘ਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੇ ਨਾਲ ਹੀ ਰਾਜਾਂ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ।

Scroll to Top