ਚੰਡੀਗੜ੍ਹ, 15 ਜੁਲਾਈ 2025: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਸ਼ਿਆਂ ਵਿਰੁੱਧ ਬਹਿਸ ‘ਚ ਹਿੱਸਾ ਲੈਂਦੇ ਹੋਏ ਪਿਛਲੀਆਂ ਸਰਕਾਰਾਂ ਨੂੰ ਪੰਜਾਬ ‘ਚ ਨਸ਼ਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਕੇ, ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ‘ਤੇ ਲਾਇਆ|
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਧਾਨ ਸਭਾ ‘ਚ ਅਖ਼ਬਾਰੀ ਖਬਰਾਂ ਵੀ ਪੜ੍ਹੀਆਂ ਜਿਨ੍ਹਾਂ ‘ਚ ਖੰਨਾ ‘ਚ ਨਾਜਾਇਜ਼ ਸ਼ਰਾਬ ਫੈਕਟਰੀ ਅਤੇ ਪਾਇਲ ਹਲਕੇ ਦੇ ਨਸ਼ਾ ਡੀਲਰ ਗੁਰਦੀਪ ਰਾਣੂੰ ਦੀ ਗ੍ਰਿਫ਼ਤਾਰੀ ਦਾ ਵਿਸਥਾਰ ਨਾਲ ਜ਼ਿਕਰ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮਾਮਲੇ ਇਸ ਗੱਲ ਦਾ ਸਿੱਧਾ ਸਬੂਤ ਹਨ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਆਪਣੇ-ਆਪਣੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਨੂੰ ਸੁਰੱਖਿਆ ਦਿੱਤੀ ਅਤੇ ਪੰਜਾਬ ‘ਚ ਨਸ਼ਾ ਫੈਲਾਇਆ।
ਉਨ੍ਹਾਂ ਕਿਹਾ ਕਿ 2007 ਤੋਂ ਪਹਿਲਾਂ, ਪੰਜਾਬ ‘ਚ ਸਿੰਥੈਟਿਕ ਡਰੱਗ ਦਾ ਨਾਮ ਵੀ ਨਹੀਂ ਸੁਣਿਆ ਜਾਂਦਾ ਸੀ, ਪਰ ਉਸ ਤੋਂ ਬਾਅਦ ਚਿੱਟੇ ਵਰਗੇ ਨਸ਼ਿਆਂ ਨੇ ਤੇਜ਼ੀ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਨੇ ਨਸ਼ਾ ਖਤਮ ਕਰਨ ਲਈ ਝੂਠੀ ਸਹੁੰ ਵੀ ਖਾਧੀ ਸੀ, ਪਰ ਇਸ ਦਿਸ਼ਾ ‘ਚ ਕੋਈ ਠੋਸ ਕਦਮ ਨਹੀਂ ਚੁੱਕਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰ ਪੰਜਾਬ ਤੋਂ ਭੱਜ ਰਹੇ ਹਨ। ਸੌਂਦ ਨੇ ਕਿਹਾ ਕਿ ਮੁਹਿੰਮ ਤਹਿਤ ਲਗਭਗ 7000 ਪਿੰਡਾਂ ‘ਚ ਕੈਂਪ ਲਗਾਏ ਗਏ ਅਤੇ ਲੋਕਾਂ ਤੋਂ ਨਸ਼ਾ ਛੱਡਣ ਦੀ ਸਹੁੰ ਚੁੱਕੀ ਗਈ ਅਤੇ 4500 ਤੋਂ ਵੱਧ ਪਿੰਡ ਨੇ ਆਪਣੇ ਆਪ ਨੂੰ ਨਸ਼ਾ ਮੁਕਤ ਐਲਾਨ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰਾਂ ਦੇ ਵਾਰਡਾਂ ‘ਚ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਗਲੇ 6 ਮਹੀਨਿਆਂ ‘ਚ 3000 ਤੋਂ ਵੱਧ ਖੇਡ ਮੈਦਾਨ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਮਾਡਲ ਖੇਡ ਮੈਦਾਨ ਹੋਣਗੇ ਤਾਂ ਜੋ ਨੌਜਵਾਨ ਉੱਥੇ ਖੇਡ ਸਕਣ ਅਤੇ ਆਮ ਲੋਕ ਸਵੇਰੇ-ਸ਼ਾਮ ਸੈਰ ਲਈ ਜਾ ਸਕਣ। ਉਨ੍ਹਾਂ ਕਿਹਾ ਕਿ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਮਾਨ ਸਰਕਾਰ ਦੇ ਸਾਰੇ ਵਿਧਾਇਕ, ਮੰਤਰੀ ਅਤੇ ਵਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ।
Read More: ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਨੇ 109 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ