Afghanistan

ਅਫਗਾਨਿਸਤਾਨ ‘ਚ ਭਾਰੀ ਮੀਂਹ ਕਾਰਨ 315 ਤੋਂ ਵੱਧ ਜਣਿਆਂ ਦੀ ਗਈ ਜਾਨ, 2000 ਤੋਂ ਵੱਧ ਘਰ ਨੁਕਸਾਨੇ

ਚੰਡੀਗੜ੍ਹ, 13 ਮਈ 2024: ਅਫਗਾਨਿਸਤਾਨ (Afghanistan) ‘ਚ ਦੋ ਹਫਤਿਆਂ ਤੋਂ ਭਾਰੀ ਮੀਂਹ ਕਾਰਨ 315 ਤੋਂ ਵੱਧ ਜਣਿਆਂ ਦੀ ਜਾਨ ਚੁੱਕੀ ਹੈ। ਤਾਲਿਬਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ। ਅਮਰੀਕੀ ਮੀਡੀਆ ਸੀਐਨਐਨ ਦੇ ਅਨੁਸਾਰ, ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫਪੀ) ਨੇ 12 ਮਈ ਨੂੰ ਦੱਸਿਆ ਕਿ ਬਦਖ਼ਸ਼ਾਨ, ਘੋਰ, ਬਗਲਾਨ ਅਤੇ ਹੇਰਾਤ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਭਾਰੀ ਮੀਂਹ ਕਾਰਨ 1600 ਨਾਗਰਿਕ ਜ਼ਖਮੀ ਹੋਏ ਹਨ ਅਤੇ 2000 ਤੋਂ ਵੱਧ ਘਰ ਵਹਿ ਗਏ ਹਨ। WFP ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਚਾਨਕ ਹੜ੍ਹਾਂ ਨੇ ਅਫਗਾਨਿਸਤਾਨ ਨੂੰ ਤਬਾਹ ਕਰ ਦਿੱਤਾ। ਸਭ ਤੋਂ ਵੱਧ ਮੌਤਾਂ ਬਗਲਾਨ ਵਿੱਚ ਹੋਈਆਂ ਹਨ।

ਇਸਦੇ ਨਾਲ ਹੀ ਬਗਲਾਨ ‘ਚ 100 ਤੋਂ ਵੱਧ ਜਣੇ ਜ਼ਖਮੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਗਲਾਨ ਨੂੰ ਜਾਣ ਵਾਲੀ ਸੜਕ ਧਸ ਗਈ ਹੈ, ਜਿਸ ਕਾਰਨ ਉੱਥੇ ਰਾਹਤ ਪਹੁੰਚਾਉਣ ਵਿੱਚ ਦੇਰੀ ਹੋ ਰਹੀ ਹੈ। ਉੱਥੋਂ ਲੋਕਾਂ ਨੂੰ ਕੱਢਣ ਲਈ ਫੌਜ ਭੇਜੀ ਗਈ ਹੈ।

ਬਗਲਾਨ ‘ਚ ਲੋਕਾਂ ਨੂੰ ਕੱਢਣ ਲਈ ਹਵਾਈ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਅਫਗਾਨਿਸਤਾਨ (Afghanistan) ਦੀ ਤਾਲਿਬਾਨ ਸਰਕਾਰ ਨੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਬਿਨਾਂ ਦੇਰੀ ਮੱਦਦ ਕਰਨ ਲਈ ਕਿਹਾ ਹੈ। ਅਫਗਾਨਿਸਤਾਨ ਦੇ ਜ਼ਿਆਦਾਤਰ ਸੂਬਿਆਂ ‘ਚ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ। ਵੱਖ-ਵੱਖ ਐਮਰਜੈਂਸੀ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

Scroll to Top