ਪੰਜਾਬ, 05 ਸਤੰਬਰ 2025: Punjab flood News: ਪੰਜਾਬ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋ ਰਹੀ ਹੈ। ਹੁਣ ਤੱਕ ਪਾਣੀ ਕਾਰਨ 43 ਜਣਿਆਂ ਦੀ ਮੌਤ ਦੀ ਖ਼ਬਰ ਹੈ। 23 ਜ਼ਿਲ੍ਹਿਆਂ ਦੇ 1902 ਤੋਂ ਵੱਧ ਪਿੰਡ ਪਾਣੀ ਦੀ ਲਪੇਟ ‘ਚ ਹਨ,, ਜਿਸ ਨਾਲ 3.84 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਿੰਡਾਂ ‘ਚ ਪ੍ਰਸ਼ਾਸਨ ਵਿਚਕਾਰ ਸਿੱਧਾ ਸੰਪਰਕ ਸਥਾਪਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭਾਵਿਤ ਪਿੰਡਾਂ ‘ਚੋਂ ਹਰੇਕ ਵਿੱਚ ਇੱਕ ਗਜ਼ਟਿਡ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਪ੍ਰਭਾਵਿਤ ਲੋਕ ਆਪਣੀਆਂ ਸਮੱਸਿਆਵਾਂ ਇਨ੍ਹਾਂ ਅਧਿਕਾਰੀਆਂ ਨਾਲ ਸਾਂਝੀਆਂ ਕਰ ਸਕਣਗੇ।
ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਿਆ
ਹਿਮਾਚਲ ਪ੍ਰਦੇਸ਼ ਦੇ ਉੱਪਰੀ ਖੇਤਰਾਂ ‘ਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਭਾਖੜਾ ਡੈਮ ਦੇ ਪਾਣੀ ਦੇ ਪੱਧਰ ‘ਚ ਤੇਜ਼ੀ ਨਾਲ ਵਾਧੇ ਨੂੰ ਦੇਖਦੇ ਹੋਏ, ਬੀਬੀਐਮਬੀ ਪ੍ਰਬੰਧਨ ਨੇ ਚਾਰੇ ਹੜ੍ਹ ਗੇਟ 9-9 ਫੁੱਟ ਖੋਲ੍ਹ ਦਿੱਤੇ।
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਲੱਖ ਤੋਂ ਵੱਧ ਪਾਣੀ ਦੇ ਆਉਣ ਨਾਲ, ਭਾਖੜਾ ਡੈਮ ਦਾ ਪਾਣੀ ਦਾ ਪੱਧਰ 1679 ਫੁੱਟ ਤੱਕ ਪਹੁੰਚ ਗਿਆ ਸੀ। ਇਸ ਸਮੇਂ ਦੌਰਾਨ, ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਕੁੱਲ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਸਤਲੁਜ ਦਰਿਆ ਦੇ ਕੰਢੇ ਸਥਿਤ ਹੇਠਲੇ ਪੇਂਡੂ ਇਲਾਕਿਆਂ ‘ਚ ਸਹਿਮ ਦਾ ਮਾਹੌਲ ਹੈ, ਹਾਲਾਂਕਿ ਡੀਸੀ ਰੂਪਨਗਰ ਵਰਜੀਤ ਵਾਲੀਆ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵੇਰੇ ਹੀ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਸੀ।
ਭਾਖੜਾ ਡੈਮ ਤੋਂ ਛੱਡੇ 85 ਹਜ਼ਾਰ ਕਿਊਸਿਕ ਪਾਣੀ ‘ਚੋਂ 9-9 ਹਜ਼ਾਰ ਨੰਗਲ ਡੈਮ ਤੋਂ ਨਿਕਲਣ ਵਾਲੀ ਨੰਗਲ ਹਾਈਡਲ ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ‘ਚ ਜਾ ਰਿਹਾ ਹੈ, ਜਦੋਂ ਕਿ 67 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ‘ਚ ਵਗ ਰਿਹਾ ਹੈ |
ਲੁਧਿਆਣਾ ‘ਚ ਵੀ ਪਾਣੀ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਗਾਓਂ ਦੇ ਡੁੱਬਣ ਤੋਂ ਬਾਅਦ, ਹੁਣ ਸਤਲੁਜ ਦਰਿਆ ਦੇ ਕੰਢੇ ਸਥਿਤ ਸਸਰਾਲੀ ਕਲੋਨੀ ਖੇਤਰ ‘ਚ ਬੰਨ੍ਹ ਕਮਜ਼ੋਰ ਹੋ ਗਿਆ ਹੈ। ਬੰਨ੍ਹ ਦੇ ਕਮਜ਼ੋਰ ਹੋਣ ਦੀ ਸੂਚਨਾ ਮਿਲਦੇ ਹੀ ਭਾਰਤੀ ਫੌਜ ਨੇ ਸਸਰਾਲੀ ਕਲੋਨੀ ਖੇਤਰ ‘ਚ ਕਮਾਨ ਸੰਭਾਲ ਲਈ ਹੈ। ਉਨ੍ਹਾਂ ਦੇ ਨਾਲ ਹੀ ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਜਿਸ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦਾ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਲਈ ਤਿਆਰੀਆਂ ਕੀਤੀਆਂ ਹਨ ਅਤੇ ਲੋਕਾਂ ਨੂੰ ਉੱਚੀ ਥਾਂ ‘ਤੇ ਜਾਣ ਲਈ ਕਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਹਾਲਾਂਕਿ, ਸਿਹਤ ਖਰਾਬ ਹੋਣ ਕਾਰਨ ਉਹ ਅਰਵਿੰਦ ਕੇਜਰੀਵਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਨਹੀਂ ਜਾ ਸਕੇ। ਉਨ੍ਹਾਂ ਦੀ ਜਗ੍ਹਾ ‘ਤੇ ‘ਆਪ’ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਕੇਜਰੀਵਾਲ ਨੂੰ ਪੰਜਾਬ ‘ਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ 2 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਸਬੰਧੀ ਪੰਜਾਬ ਦੇ ਮੰਗ ਪੱਤਰ ਨੂੰ ਸਕਾਰਾਤਮਕ ਸਮਰਥਨ ਦਿੱਤਾ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ 60 ਹਜ਼ਾਰ ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ। ਪਠਾਨਕੋਟ ‘ਚ ਪਹਾੜ ਲਗਾਤਾਰ ਟੁੱਟ ਰਹੇ ਹਨ। ਮੀਂਹ ਕਾਰਨ ਕੇਰੂ ਪਹਾੜ ਤੋਂ ਮਲਬਾ ਡਿੱਗਣ ਕਾਰਨ ਸ਼ਾਹਪੁਰ ਕੰਢੀ ਡੈਮ ਸਾਈਡ ਜੁਗਿਆਲ-ਧਾਰਕਲਾਂ ਸੜਕ ‘ਤੇ ਆਵਾਜਾਈ ਠੱਪ ਹੋ ਗਈ ਹੈ।
Read More: ਹੜ੍ਹਾਂ ‘ਚ ਜਾਨਾਂ ਗੁਆਉਣ ਵਾਲੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵਿੱਤੀ ਸਹਾਇਤਾ