July 7, 2024 4:19 pm
Aam Aadmi Clinic

ਭਾਸ਼ਾ ਵਿਭਾਗ ‘ਚ ਖੁੱਲੇ ਆਮ ਆਦਮੀ ਕਲੀਨਿਕ ‘ਚ 18 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ: ਅਜੀਤਪਾਲ ਸਿੰਘ ਕੋਹਲੀ

ਪਟਿਆਲਾ, 08 ਮਈ 2023: ਪਟਿਆਲਾ ਦੇ ਭਾਸ਼ਾ ਵਿਭਾਗ ‘ਚ ਖੁੱਲ੍ਹਿਆ ਆਮ ਆਦਮੀ ਕਲੀਨਿਕ (Aam Aadmi Clinic) ਸ਼ਹਿਰ ਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਜਿਥੇ ਰੋਜ਼ਾਨਾ ਵੱਡੀ ਗਿਣਤੀ ਲੋਕ ਆਪਣਾ ਇਲਾਜ ਕਰਵਾਉਣ ਲਈ ਪੁੱਜਦੇ ਹਨ। ਇਸ ਸਬੰਧੀ ਗੱਲ ਕਰਦਿਆਂ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ 15 ਅਗਸਤ ਨੂੰ ਖੁੱਲ੍ਹੇ ਇਸ ਆਮ ਆਦਮੀ ਕਲੀਨਿਕ ‘ਚ 30 ਅਪ੍ਰੈਲ ਤੱਕ 18 ਹਜ਼ਾਰ 663 ਮਰੀਜ਼ਾਂ ਨੇ ਇਲਾਜ ਕਰਵਾਇਆ ਹੈ ਤੇ 8059 ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਖੋਲ੍ਹੇ ਗਏ ਇਸ ਕਲੀਨਿਕ ਨੇ ਸਰਕਾਰੀ ਹਸਪਤਾਲਾਂ ‘ਚ ਭੀੜ ਨੂੰ ਘੱਟ ਕੀਤਾ ਹੈ ਤੇ ਮਰੀਜ਼ਾਂ ਨੂੰ ਬਿਨਾਂ ਖੱਜਲ ਖੁਆਰੀ ਦੇ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਪਹੁੰਚ ‘ਚ ਸਿਹਤ ਸੇਵਾਵਾਂ ਲਿਆਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਜਿਸ ਤਹਿਤ ਹੁਣ ਤੱਕ ਸੂਬੇ ‘ਚ 580 ਅਤੇ ਪਟਿਆਲਾ ਜ਼ਿਲ੍ਹੇ ‘ਚ 45 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਹੋਰ ਕਲੀਨਿਕ ਖੋਲਣ ਲਈ ਵੀ ਕੰਮ ਚੱਲ ਰਿਹਾ ਹੈ।

patiala

ਵਿਧਾਇਕ ਕੋਹਲੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ (Aam Aadmi Clinic) ਨੇ ਜਿਥੇ ਲੋਕਾਂ ਨੂੰ ਘਰਾਂ ਨੇੜੇ ਇਲਾਜ ਦੀ ਸਹੂਲਤ ਦਿੱਤੀ ਹੈ, ਉਥੇ ਹੀ ਮਰੀਜ਼ਾਂ ਦੀ ਬਿਮਾਰੀ ਦੇ ਇਲਾਜ ਦਾ ਪੂਰਾ ਰਿਕਾਰਡ ਮੈਨਟੇਨ ਕੀਤਾ ਹੈ, ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ, ਇਸ ਨਾਲ ਬਿਮਾਰੀਆਂ ਦਾ ਹੋਰ ਬਿਹਤਰ ਢੰਗ ਨਾਲ ਇਲਾਜ ਹੋ ਸਕੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ‘ਚ ਕੁੱਲ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਹਨ ਅਤੇ ਮਰੀਜ਼ਾਂ ਨੂੰ ਕੁੱਲ 80 ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਕਲੀਨਿਕ ‘ਚ ਇਲਾਜ ਕਰਵਾਉਣ ਆਏ ਮਰੀਜ਼ ਨੇ ਕਿਹਾ ਕਿ ਇਹ ਕਲੀਨਿਕ ਖੁੱਲਣ ਨਾਲ ਹਸਪਤਾਲਾਂ ਦੀਆਂ ਲੰਮੀਆਂ ਉਡੀਕ ਲਾਈਨਾਂ ਤੋਂ ਛੁਟਕਾਰਾ ਮਿਲਿਆ ਹੈ ਤੇ ਹੁਣ ਕਲੀਨਿਕ ‘ਚ ਨਾਲੋ ਨਾਲ ਇਲਾਜ ਸਹੂਲਤ ਮਿਲ ਰਹੀ ਹੈ।