ਚੰਡੀਗੜ੍ਹ, 27 ਅਪ੍ਰੈਲ 2023: ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ (Twitter) ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਭਾਰਤ ਪਿਛਲੇ ਸਾਲ ਟਵਿੱਟਰ ਤੋਂ ਸਮੱਗਰੀ ਹਟਾਉਣ ਦੀ ਬੇਨਤੀ ਕਰਨ ਵਾਲੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਸੀ। ਮੰਗਲਵਾਰ ਨੂੰ ਟਵਿੱਟਰ ਨੇ ਆਪਣੇ ਸੁਰੱਖਿਆ ਯਤਨਾਂ ‘ਤੇ ਡਾਟਾ ਸਾਂਝਾ ਕੀਤਾ ਅਤੇ ਦੱਸਿਆ ਕਿ ਉਸਨੂੰ 1 ਜਨਵਰੀ ਤੋਂ 30 ਜੂਨ, 2022 ਤੱਕ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਸਮੱਗਰੀ ਨੂੰ ਹਟਾਉਣ ਲਈ ਲਗਭਗ 53,000 ਕਾਨੂੰਨੀ ਬੇਨਤੀਆਂ ਪ੍ਰਾਪਤ ਹੋਈਆਂ ਹਨ।
ਖਾਤੇ ਦੀ ਜਾਣਕਾਰੀ ਮੰਗਣ ਵਾਲੇ ਚੋਟੀ ਦੇ ਪੰਜ ਦੇਸ਼ ਭਾਰਤ, ਅਮਰੀਕਾ, ਫਰਾਂਸ, ਜਾਪਾਨ ਅਤੇ ਜਰਮਨੀ ਹਨ। ਟਵਿਟਰ ਨੇ ਆਪਣੇ ਬਲਾਗ ‘ਚ ਕਿਹਾ ਹੈ ਕਿ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ‘ਤੇ ਕਾਰਵਾਈ ਕਰਨਾ ਜਾਰੀ ਰੱਖੇਗਾ ਅਤੇ ਸਰਕਾਰੀ ਕਾਨੂੰਨੀ ਬੇਨਤੀਆਂ ਦੇ ਜਵਾਬ ‘ਚ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ।
ਜਨਵਰੀ-ਜੂਨ 2022 ਦੇ ਦੌਰਾਨ, ਟਵਿੱਟਰ (Twitter) ਨੂੰ ਉਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਭੋਗਤਾਵਾਂ ਦੀ 65 ਲੱਖ ਸਮੱਗਰੀ ਨੂੰ ਹਟਾਉਣ ਦੀ ਲੋੜ ਸੀ। ਸਾਲ 2021 ਦੀ ਦੂਜੀ ਛਿਮਾਹੀ ਤੋਂ 29 ਫੀਸਦੀ ਦਾ ਵਾਧਾ ਦੇਖਿਆ ਗਿਆ। ਟਵਿੱਟਰ ਨੇ ਕਿਹਾ ਕਿ ਉਸ ਨੇ ਇਸ ਸਮੇਂ ਦੌਰਾਨ 5,096,272 ਖਾਤਿਆਂ ‘ਤੇ ਕਾਰਵਾਈ ਕੀਤੀ ਹੈ।
ਟਵਿਟਰ (Twitter) ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ 16 ਲੱਖ ਤੋਂ ਜ਼ਿਆਦਾ ਅਕਾਊਂਟ ਸਸਪੈਂਡ ਕੀਤੇ ਗਏ ਹਨ। ਸਸਪੈਂਡ ਕੀਤੇ ਖਾਤੇ ਵਿੱਚ ਦੁਰਵਿਵਹਾਰ/ਉਤਪੀੜਨ, ਹੈਕ ਕੀਤੀ ਸਮੱਗਰੀ, ਨਗਨਤਾ, ਹਿੰਸਕ ਹਮਲਿਆਂ ਦੇ ਦੋਸ਼ੀ, ਨਿੱਜੀ ਜਾਣਕਾਰੀ, ਖ਼ੁਦਕੁਸ਼ੀ ਜਾਂ ਸਵੈ-ਨੁਕਸਾਨ, ਸੰਵੇਦਨਸ਼ੀਲ ਮੀਡੀਆ, ਅੱਤਵਾਦ/ਹਿੰਸਕ ਸਮੱਗਰੀ, ਅਤੇ ਹਿੰਸਾ ਵਰਗੀ ਸਮੱਗਰੀ ਸ਼ਾਮਲ ਹਨ।