ਮੋਹਾਲੀ 12 ਫਰਵਰੀ 2024: ਮਹਿਕਮਾ ਫਾਇਰ ਬ੍ਰਿਗੇਡ (fire brigade) ਪੰਜਾਬ ਵਿੱਚ ਆਊਟਸੋਰਸ ਅਤੇ ਕੰਟਰੈਕਟ ਤੇ ਸੇਵਾਵਾਂ ਨਿਭਾ ਰਹੇ ਕੱਚੇ ਕਾਮਿਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਆਰ ਪਾਰ ਦੀ ਲੜਾਈ ਦਾ ਆਗਾਜ਼ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਕੱਚੇ ਕਾਮਿਆਂ ਵੱਲੋਂ ਅੱਜ ਵੇਰਕਾ ਚੌਂਕ ਮੋਹਾਲੀ ਵਿਖੇ ਅਣਮਿਥੇ ਧਰਨੇ ਦਾ ਆਗਾਜ਼ ਕਰ ਦਿੱਤਾ ਹੈ।
ਚੱਲਦੇ ਧਰਨੇ ਦੌਰਾਨ ਮੋਹਾਲੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਯੂਨੀਅਨ ਆਗੂਆਂ ਨਾਲ ਵਾਰ-ਵਾਰ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪਰ ‘ਚੋਂ ਪੁੱਜੇ ਸੈਂਕੜੇ ਫਾਇਰ ਕਾਮੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਜੋਸ਼ ਨਾਲ ਅਣਮਿੱਥੇ ਧਰਨੇ ਤੇ ਡਟੇ ਰਹੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਫਾਇਰ ਬ੍ਰਿਗੇਡ (fire brigade) ਪੰਜਾਬ ਯੂਨੀਅਨ ਦੇ ਆਗੂ ਨਛੱਤਰ ਸਿੰਘ, ਰਣ ਸਿੰਘ ਲੰਗ, ਸਾਹਿਬ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਪੰਜਾਬ ਭਰ ‘ਚ ਲਗਭਗ 50 ਤੋਂ ਵੱਧ ਫਾਇਰ ਸਟੇਸ਼ਨ ਚਾਲੂ ਹਾਲਤ ਵਿੱਚ ਹਨ।
ਇਹਨਾਂ ਫਾਇਰ ਸਟੇਸ਼ਨਾਂ ਵਿੱਚ 1300 ਦੇ ਕਰੀਬ ਕਰਮਚਾਰੀ ਆਊਟਸੌਰਸ ਅਤੇ ਕੰਟਰੈਕਟ ਪਰ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ।ਮੌਜੂਦਾ ਸਰਕਾਰ ਨੂੰ ਅਸੀਂ ਬਹੁਤ ਵਾਰੀ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾ ਚੁੱਕੇ ਹਾਂ। ਇਹਨਾਂ ਮੰਗਾਂ ਬਾਰੇ ਫਾਇਰ ਬ੍ਰਿਗੇਡ ਦੇ ਸਮੂਹ ਕੱਚੇ ਕਰਮਚਾਰੀਆਂ ਵਲੋਂ ਲੰਘੇ ਸਾਲ 23 ਅਕਤੂਬਰ ਨੂੰ ਦੇਸੂ ਮਾਜਰਾ, ਖਰੜ, ਜਿਲ੍ਹਾ ਮੋਹਾਲੀ ਵਿਖੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਸੀ। ਇਸ ਧਰਨੇ ਦੀ ਚਲਦੀ ਕਾਰਵਾਈ ਵਿੱਚ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵਲੋਂ ਕੱਚੇ ਕਰਮਚਾਰੀਆਂ ਦੇ ਕਮੇਟੀ ਮੈਂਬਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਬਹੁਤ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ।
ਜਿਸ ਵਿੱਚ ਕੱਚੇ ਕਰਮਚਾਰੀਆਂ ਦੀ ਪਹਿਲੀ ਮੰਗ ਸੀ ਕਿ ਪੱਕੀ ਭਰਤੀ ਹੋਣ ਤੋਂ ਪਹਿਲਾਂ ਆਊਟਸੋਰਸ ਅਤੇ ਕੰਟਰੈਕਟ ਮੁਲਾਜਮ ਜੋ ਕਿ ਕਈ ਕਈ ਸਾਲ ਤੋਂ ਫਾਇਰ ਬ੍ਰਿਗੇਡ ਪੰਜਾਬ ਵਿੱਚ ਬਤੋਰ ਫਾਇਰਮੈਨ ਅਤੇ ਫਾਇਰ ਡਰਾਈਵਰ ਕਰ ਰਹੇ ਹਨ, ਨੂੰ ਸਰਕਾਰ ਪੱਕਾ ਕਰੇ ਅਤੇ ਤਨਖਾਹ ਵਿੱਚ ਵਾਧਾ ਕਰੇ ਤਾਂ ਜੋ ਕੱਚੇ ਕਰਮਚਾਰੀ ਆਪਣੇ ਘਰ ਦਾ ਗੁਜਾਰਾ ਸਹੀ ਢੰਗ ਨਾਲ ਕਰ ਸਕਣ। ਉਕਤ ਮੰਗਾਂ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ ਵਲੋਂ ਪੰਜਾਬ ਫਾਇਰ ਬ੍ਰਿਗੇਡ ਦੇ ਕੱਚੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਇਹ ਮੰਗਾਂ ਇੱਕ ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣ ਗਈਆਂ ਅਤੇ ਉਹਨਾਂ ਵਲੋਂ ਕਿਹਾ ਗਿਆ ਸੀ ਕਿ ਅਸੀਂ ਆਪਣੇ ਵਲੋਂ ਪੰਜਾਬ ਸਰਕਾਰ ਨੂੰ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਫਾਇਰ ਵਿਭਾਗ ਦੇ ਆਊਟਸੌਰਸ ਮੁਲਾਜਮਾਂ ਨੂੰ ਸਰਕਾਰੀ ਕੰਟਰੈਕਟ ਤੇ ਕਰਨ ਸਬੰਧੀ ਫਾਇਲ ਤਿਆਰ ਕਰਕੇ ਸਰਕਾਰ ਨੂੰ ਭੇਜਾਂਗੇ।
ਪ੍ਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਪਹਿਲਾਂ ਤੋਂ ਕੰਮ ਕਰ ਰਹੇ (ਆਊਟਸੌਰਸ/ਕੰਟਰੈਕਟ) ਕੱਚੇ ਕਰਮਚਾਰੀਆਂ ਨੂੰ ਪੱਕੀ ਭਰਤੀ ਵਿੱਚ ਪਹਿਲ ਦਿੱਤੀ ਗਈ ਸਗੋਂ ਮਗਰਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਡੰਗ ਟਪਾਊ ਨੀਤੀ ਅਪਣਾਈ ਗਈ, ਜਿਸ ਕਾਰਨ ਸਮੂਹ ਕਰਮਚਾਰੀਆਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਹ ਹੈ। ਅੱਜ ਉਹਨਾਂ ਨੇ ਨਿਰਾਸ਼ ਹੋ ਕੇ ਵੇਰਕਾ ਚੌਂਕ ਮੋਹਾਲੀ ਵਿਖੇ ਆਪਣੀਆਂ ਸੇਵਾਵਾਂ ਛੱਡ ਕੇ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਸੁਰੂ ਕੀਤਾ ਹੈ ਜੇ ਕਿ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।