July 7, 2024 1:38 pm
Heavy Rain

ਮੌਨਸੂਨ ਨੇ ਹਿਮਾਚਲ ‘ਚ ਮਚਾਈ ਤਬਾਹੀ, ਪੰਜਾਬ ਸਮੇਤ 25 ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ

ਚੰਡੀਗੜ੍ਹ 26 ਜੂਨ 2023: ਮੌਸਮ ਵਿਭਾਗ ਨੇ ਸੋਮਵਾਰ ਨੂੰ ਅਗਲੇ 48 ਘੰਟਿਆਂ ‘ਚ ਮੱਧ ਪ੍ਰਦੇਸ਼ ਸਮੇਤ 25 ਸੂਬਿਆਂ ‘ਚ ਭਾਰੀ ਬਾਰਿਸ਼ (Heavy Rain) ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ ਵਿੱਚ ਪਿਛਲੇ 20 ਘੰਟਿਆਂ ਵਿੱਚ ਜ਼ਮੀਨ ਖਿਸਕਣ ਦੀ ਦੂਜੀ ਘਟਨਾ ਵਾਪਰੀ ਹੈ। ਇਸ ਕਾਰਨ 2 ਨੈਸ਼ਨਲ ਹਾਈਵੇ ਸਮੇਤ 380 ਸੜਕਾਂ ਬੰਦ ਹੋਣ ਦੀ ਖ਼ਬਰ ਹੈ |

ਚੰਡੀਗੜ੍ਹ-ਮਨਾਲੀ NH-21 ਪਿਛਲੇ 20 ਘੰਟਿਆਂ ਲਈ ਬੰਦ ਪਿਆ ਹੈ। ਇਸ ਮਾਰਗ ’ਤੇ 10 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ। ਸੱਤ ਮੀਲ ਨੇੜੇ ਸੋਮਵਾਰ ਨੂੰ ਇਕ ਹੋਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।

ਅਜਿਹੇ ‘ਚ ਅੱਜ ਹਾਈਵੇਅ ਦੇ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ। ਹਾਈਵੇਅ ਬੰਦ ਹੋਣ ਕਾਰਨ ਮੰਡੀ, ਪੰਡੋਹ ਅਤੇ ਨਾਗਚਲਾ ਵਿੱਚ ਲੰਮਾ ਜਾਮ ਲੱਗ ਗਿਆ। ਸੈਂਕੜੇ ਵਾਹਨ ਜਾਮ ਵਿੱਚ ਫਸ ਗਏ ਹਨ। ਇਸ ਦੇ ਨਾਲ ਹੀ ਉਤਰਾਖੰਡ ‘ਚ ਭਾਰੀ ਬਾਰਿਸ਼ ਕਾਰਨ ਬਦਰੀਨਾਥ ਹਾਈਵੇਅ ਪਾਣੀ ‘ਚ ਰੁੜ੍ਹ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਸ੍ਰੀ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।

ਇਨ੍ਹਾਂ 25 ਸੂਬਿਆਂ ਵਿੱਚ ਭਾਰੀ ਬਾਰਿਸ਼ (Heavy Rain) ਦੀ ਭਵਿੱਖਬਾਣੀ

ਮੌਸਮ ਵਿਭਾਗ ਅਨੁਸਾਰ ਝਾਰਖੰਡ, ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਕੋਂਕਣ-ਗੋਆ, ਛੱਤੀਸਗੜ੍ਹ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ, ਪੂਰਬੀ ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ, ਵਿਦਰਭ, ਤੱਟਵਰਤੀ ਕਰਨਾਟਕ ਅਤੇ ਕੇਰਲ ਵਿੱਚ ਅੱਜ ਅਤੇ ਕੱਲ੍ਹ ਦੋ ਦਿਨਾਂ ਤੱਕ ਭਾਰੀ ਬਾਰਿਸ਼ ਪੈ ਸਕਦੀ ਹੈ।

ਬੀਤੇ ਦਿਨ ਦੇਸ਼ ਭਰ ‘ਚ ਬਾਰਿਸ਼ ਕਾਰਨ 6 ਸੂਬਿਆਂ ‘ਚ 22 ਜਣਿਆਂ ਦੀ ਜਾਨ ਚਲੀ ਗਈ ਹੈ। ਹਿਮਾਚਲ ‘ਚ ਹੜ੍ਹ ਕਾਰਨ 6 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 10 ਜਣੇ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਰਾਜਸਥਾਨ ‘ਚ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 4 ਜਣਿਆਂ ਦੀ ਮੌਤ ਦੀ ਖ਼ਬਰ ਹੈ | ਇਸਦੇ ਨਾਲ ਮੁੰਬਈ ਵਿੱਚ ਦੋ ਇਮਾਰਤਾਂ ਦੇ ਕੁਝ ਹਿੱਸੇ ਡਿੱਗਣ ਨਾਲ ਛੇ ਦੀ ਮੌਤ ਹੋ ਗਈ, ਜਦੋਂ ਕਿ ਦਿੱਲੀ ਰੇਲਵੇ ਸਟੇਸ਼ਨ ‘ਤੇ ਬਿਜਲੀ ਦੇ ਖੰਭੇ ਨਾਲ ਕਰੰਟ ਲੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ।