July 2, 2024 8:17 pm
Monsoon

ਮਾਨਸੂਨ ਨੇ ਕੇਰਲ ਦੇ ਤੱਟ ‘ਤੇ ਦਿੱਤੀ ਦਸਤਕ, ਜਾਣੋ ਉੱਤਰ ਪੱਛਮੀ ਭਾਰਤ ‘ਚ ਕਦੋਂ ਰਾਹਤ ਮਿਲੇਗੀ ?

ਚੰਡੀਗੜ੍ਹ, 30 ਮਈ 2024: ਦੱਖਣ-ਪੱਛਮੀ ਮਾਨਸੂਨ (Monsoon) ਪੂਰਵ ਅਨੁਮਾਨ ਤੋਂ ਇਕ ਦਿਨ ਪਹਿਲਾਂ ਅੱਜ ਯਾਨੀ ਵੀਰਵਾਰ ਨੂੰ ਕੇਰਲ ਦੇ ਤੱਟ ‘ਤੇ ਦਸਤਕ ਦੇ ਦਿੱਤੀ ਹੈ। ਹੁਣ ਇਹ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ ਦੌਰਾਨ ਕੇਰਲ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਲਈ ਹਲਾਤ ਅਨੁਕੂਲ ਰਹਿਣਗੇ। 15 ਮਈ ਨੂੰ ਮੌਸਮ ਵਿਭਾਗ ਨੇ ਕੇਰਲ ਵਿੱਚ ਮਾਨਸੂਨ ਦੇ 31 ਮਈ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ।

ਮੌਸਮ ਵਿਗਿਆਨੀਆਂ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਰੇਮਲ, ਜੋ ਐਤਵਾਰ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿੱਚੋਂ ਲੰਘਿਆ, ਨੇ ਮਾਨਸੂਨ (Monsoon) ਦੇ ਵਹਾਅ ਨੂੰ ਬੰਗਾਲ ਦੀ ਖਾੜੀ ਵੱਲ ਖਿੱਚ ਲਿਆ ਹੈ, ਜੋ ਉੱਤਰ-ਪੂਰਬ ਵਿੱਚ ਮਾਨਸੂਨ ਦੇ ਛੇਤੀ ਆਉਣ ਦਾ ਇੱਕ ਕਾਰਨ ਹੋ ਸਕਦਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਕੇਰਲ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮਈ ‘ਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ।

ਇਸ ਦੌਰਾਨ ਦਿੱਲੀ ਸਮੇਤ ਉੱਤਰੀ-ਪੱਛਮੀ ਭਾਰਤ ਦੇ ਇਲਾਕਿਆਂ ਨੂੰ 30 ਮਈ ਤੋਂ ਬਾਅਦ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਉੱਤਰੀ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਚੱਲ ਰਹੀ ਹੈ ਅਤੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ, ਪਰ 30 ਮਈ ਨੂੰ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ਇਹ ਰਾਹਤ ਅਸਥਾਈ ਹੋਵੇਗੀ ਅਤੇ ਜੂਨ ਵਿੱਚ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ , ਹਰਿਆਣਾ ਪੰਜਾਬ ਅਤੇ ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਜੂਨ ਵਿੱਚ ਰਾਜਸਥਾਨ, ਪੰਜਾਬ, ਹਰਿਆਣਾ, ਯੂਪੀ, ਗੁਜਰਾਤ ਦੇ ਕੁਝ ਹਿੱਸਿਆਂ ਅਤੇ ਉੱਤਰ-ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੀ ਲਹਿਰ ਆਮ ਨਾਲੋਂ ਵੱਧ ਦਿਨਾਂ ਤੱਕ ਰਹਿ ਸਕਦੀ ਹੈ।