ਦੇਸ਼, 17 ਜੂਨ 2025: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਭੇਜੇ ਸੰਮਨਾਂ ਦੇ ਬਾਵਜੂਦ, ਕਾਰੋਬਾਰੀ ਰਾਬਰਟ ਵਾਡਰਾ (Robert Vadra) ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਯਾਤਰਾ ‘ਤੇ ਹਨ ਅਤੇ ਵਾਪਸ ਆਉਣ ਤੋਂ ਬਾਅਦ ਜਾਂਚ ‘ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ, ਈਡੀ ਨੇ ਵਾਡਰਾ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਇਆ ਸੀ। ਇਹ ਮਾਮਲਾ ਯੂਕੇ ਸਥਿਤ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਸਬੰਧਤ ਹੈ। ਇਸ ਮਾਮਲੇ ਦੀ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਰਾਬਰਟ ਵਾਡਰਾ (Robert Vadra) ਨੂੰ 10 ਜੂਨ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ, ਪਰ ਉਨ੍ਹਾਂ ਨੇ ਉਦੋਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ 9 ਜੂਨ ਨੂੰ ਫਲੂ ਵਰਗੇ ਲੱਛਣ ਸਨ ਅਤੇ ਉਨ੍ਹਾਂ ਦਾ ਕੋਵਿਡ ਟੈਸਟ ਹੋਇਆ ਸੀ। ਉਨ੍ਹਾਂ ਦੇ ਵਕੀਲ ਨੇ ਉਸ ਸਮੇਂ ਕਿਹਾ ਸੀ ਕਿ ਵਾਡਰਾ ਸੰਮਨਾਂ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਉਹ ਦੇਸ਼ ਛੱਡਣ ਤੋਂ ਪਹਿਲਾਂ ਜਾਂ ਬਾਅਦ ‘ਚ ਕਿਸੇ ਵੀ ਸਮੇਂ ਈਡੀ ਸਾਹਮਣੇ ਪੇਸ਼ ਹੋਣ ਲਈ ਤਿਆਰ ਹਨ।
ਅਪ੍ਰੈਲ ‘ਚ ਈਡੀ ਵੱਲੋਂ ਲਗਾਤਾਰ ਤਿੰਨ ਦਿਨ ਵਾਡਰਾ ਤੋਂ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ ਹਰਿਆਣਾ ‘ਚ 2008 ‘ਚ ਹੋਏ ਇੱਕ ਜ਼ਮੀਨ ਸੌਦੇ ‘ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਇੱਕ ਹੋਰ ਮਨੀ ਲਾਂਡਰਿੰਗ ਮਾਮਲੇ ‘ਚ ਕੀਤੀ ਗਈ ਸੀ। ਰਾਬਰਟ ਵਾਡਰਾ ਈਡੀ ਜਾਂਚ ਅਧੀਨ ਕੁੱਲ ਤਿੰਨ ਮਨੀ ਲਾਂਡਰਿੰਗ ਮਾਮਲਿਆਂ ‘ਚ ਸ਼ਾਮਲ ਹਨ।
ਸੰਜੇ ਭੰਡਾਰੀ ਇੱਕ ਹਥਿਆਰ ਡੀਲਰ ਹੈ ਜੋ 2016 ‘ਚ ਆਮਦਨ ਕਰ ਵਿਭਾਗ ਦੇ ਦਿੱਲੀ ‘ਚ ਛਾਪੇਮਾਰੀ ਤੋਂ ਬਾਅਦ ਲੰਡਨ ਭੱਜ ਗਿਆ ਸੀ। ਹਾਲ ਹੀ ‘ਚ, ਇੱਕ ਬ੍ਰਿਟਿਸ਼ ਅਦਾਲਤ ਨੇ ਭਾਰਤ ਸਰਕਾਰ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਜਿਸ ‘ਚ ਭੰਡਾਰੀ ਦੀ ਹਵਾਲਗੀ ਦੇ ਮਾਮਲੇ ਨੂੰ ਯੂਕੇ ਸੁਪਰੀਮ ਕੋਰਟ ‘ਚ ਲਿਜਾਣ ਦੀ ਇਜਾਜ਼ਤ ਮੰਗੀ ਗਈ ਸੀ। ਇਸ ਤੋਂ ਬਾਅਦ, ਭੰਡਾਰੀ ਨੂੰ ਭਾਰਤ ਲਿਆਉਣ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ।
Read More: Robert Vadra: ਈਡੀ ਦਫ਼ਤਰ ਪੇਸ਼ ਹੋਏ ਕਾਰੋਬਾਰੀ ਰਾਬਰਟ ਵਾਡਰਾ, ਜਾਣੋ ਪੂਰਾ ਮਾਮਲਾ