ਚੰਡੀਗੜ੍ਹ 14 ਅਕਤੂਬਰ 2022: ਮੁਹੰਮਦ ਸ਼ਮੀ (Mohammad Shami) ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ 14 ਅਕਤੂਬਰ ਨੂੰ ਇਸ ਦਾ ਐਲਾਨ ਕੀਤਾ ਹੈ । ਸ਼ਮੀ ਨੂੰ ਅਨੁਭਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ । ਸ਼ਮੀ ਤੋਂ ਇਲਾਵਾ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਸਟੈਂਡਬਾਏ ਖਿਡਾਰੀਆਂ ਦੀ ਸੂਚੀ ‘ਚ ਰੱਖਿਆ ਗਿਆ ਹੈ।
ਸਿਰਾਜ ਅਤੇ ਸ਼ਾਰਦੁਲ ਨੂੰ ਦੀਪਕ ਚਾਹਰ ਦੇ ਸੱਟ ਤੋਂ ਬਾਅਦ ਅਤੇ ਸ਼ਮੀ ਨੂੰ ਮੁੱਖ ਟੀਮ ‘ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਜਗ੍ਹਾ ਦਿੱਤੀ ਗਈ ਹੈ। ਸਿਰਾਜ ਅਤੇ ਸ਼ਾਰਦੁਲ ਨੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਿਰਾਜ ਨੂੰ ਵਨਡੇ ਸੀਰੀਜ਼ ‘ਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ।
ਅੱਠਵਾਂ ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਆਸਟਰੇਲੀਆ ਵਿੱਚ ਸ਼ੁਰੂ ਹੋਵੇਗਾ। ਇਸ ਵਿਸ਼ਵ ਕੱਪ ਵਿਚ 29 ਦਿਨਾਂ ‘ਚ ਕੁੱਲ 45 ਮੈਚ ਖੇਡੇ ਜਾਣਗੇ। ਭਾਰਤੀ ਟੀਮ 15 ਸਾਲ ਬਾਅਦ ਇਸ ਟੂਰਨਾਮੈਂਟ ਨੂੰ ਜਿੱਤਣ ਲਈ ਉਤਰੇਗੀ। ਭਾਰਤੀ ਟੀਮ 2007 ਤੋਂ ਬਾਅਦ ਟੀ-20 ਵਿਸ਼ਵ ਕੱਪ ‘ਚ ਚੈਂਪੀਅਨ ਨਹੀਂ ਬਣ ਸਕੀ ਹੈ।