ਚੰਡੀਗੜ੍ਹ, 14 ਨਵੰਬਰ 2024: ਮੱਧ ਪ੍ਰਦੇਸ਼ ਅਤੇ ਬੰਗਾਲ ਵਿਚਾਲੇ ਖੇਡੀ ਜਾ ਰਹੀ ਰਣਜੀ ਟਰਾਫੀ ਮੈਚ ਦੇ ਪਹਿਲੇ ਦਿਨ ਮੁਹੰਮਦ ਸ਼ਮੀ (Mohammad Shami) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੇ ਬੁੱਧਵਾਰ ਨੂੰ 10 ਓਵਰ ਸੁੱਟੇ ਅਤੇ 34 ਦੌੜਾਂ ਦਿੱਤੀਆਂ ਪਰ ਕੋਈ ਵਿਕਟ ਨਹੀਂ ਮਿਲੀ। ਹਾਲਾਂਕਿ ਦੂਜੇ ਦਿਨ ਸ਼ਮੀ ਨੇ ਆਪਣੀ ਗੇਂਦਬਾਜ਼ੀ ਨਾਲ ਮੱਧ ਪ੍ਰਦੇਸ਼ ਦੇ ਬੱਲੇਬਾਜ਼ੀ ਕ੍ਰਮ ਨੂੰ ਬਰਬਾਦ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਸ ਮੈਚ ‘ਚ ਸ਼ਮੀ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਮੁਹੰਮਦ ਕੈਫ ਵੀ ਖੇਡ ਰਿਹਾ ਸੀ।
ਇਸਦੇ ਨਾਲ ਹੀ ਮੁਹੰਮਦ ਸ਼ਮੀ (Mohammad Shami) ਦੀ ਬਾਰਡਰ-ਗਾਵਸਕਰ ਟਰਾਫੀ ਖੇਡਣ ਜਾਣ ਦੀਆਂ ਉਮੀਦਾਂ ਬਰਕਰਾਰ ਹਨ। ਭਾਰਤ 22 ਨਵੰਬਰ ਤੋਂ ਪਰਥ ‘ਚ ਆਪਣੀ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਸ਼ਮੀ ਨੇ ਵਿਰਾਟ ਕੋਹਲੀ ਦੀ ਅਗਵਾਈ ‘ਚ 2018-19 ‘ਚ ਭਾਰਤ ਦੀ ਬੀਜੀਟੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਸ਼ਮੀ ਨੇ ਆਸਟ੍ਰੇਲੀਆ ‘ਚ ਅੱਠ ਮੈਚਾਂ ‘ਚ 31 ਵਿਕਟਾਂ ਲਈਆਂ ਹਨ ਪਰ ਉਹ ਆਉਣ ਵਾਲੀ ਸੀਰੀਜ਼ ਲਈ ਭਾਰਤ ਵੱਲੋਂ ਐਲਾਨੀ ਗਈ ਟੀਮ ਦਾ ਹਿੱਸਾ ਨਹੀਂ ਸੀ। ਹਾਲਾਂਕਿ ਕਿਸੇ ਤਰ੍ਹਾਂ ਦੀ ਸੱਟ ਲੱਗਣ ‘ਤੇ ਉਸ ਨੂੰ ਟੀਮ ‘ਚ ਲਿਆਂਦਾ ਜਾ ਸਕਦਾ ਹੈ।
ਉਸ ਦੇ ਸ਼ਾਮਲ ਹੋਣ ਨਾਲ ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ੀ ਕ੍ਰਮ ਮਜ਼ਬੂਤ ਹੋਵੇਗਾ। ਬੁਮਰਾਹ ਨਾਲ ਉਸ ਦੀ ਜੋੜੀ ਆਸਟ੍ਰੇਲੀਆ ‘ਚ ਤਬਾਹੀ ਮਚਾ ਸਕਦੀ ਹੈ। ਇਹ ਸੀਰੀਜ਼ ਭਾਰਤ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੈ। ਕਿਉਂਕਿ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ‘ਚ ਥਾਂ ਬਣਾਉਣ ਲਈ 4 ਮੈਚ ਜਿੱਤਣੇ ਹੋਣਗੇ।
ਜਿਕਰਯੋਗ ਹੈ ਕਿ ਮੁਹੰਮਦ ਸ਼ਮੀ (Mohammad Shami) ਨੇ ਭਾਰਤ ਲਈ ਆਪਣਾ ਆਖਰੀ ਮੈਚ 19 ਨਵੰਬਰ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟਰੇਲੀਆ ਖਿਲਾਫ਼ ਖੇਡਿਆ ਸੀ | ਵਿਸ਼ਵ ਕੱਪ 2023 ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋ, ਪਰ ਇਸ ਤੋਂ ਬਾਅਦ ਉਸ ਨੂੰ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਕਰਨ ‘ਚ ਕਈ ਮਹੀਨੇ ਲੱਗ ਗਏ। ਉਹ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਲਗਾਤਾਰ ਰਿਹੈਬ ਕਰ ਰਿਹਾ ਸੀ। ਪਰ ਹੁਣ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮੈਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।