ਚੰਡੀਗੜ੍ਹ, 08 ਨਵੰਬਰ 2024: ਮੋਹਾਲੀ (Mohali) ਦੇ ਰਹਿਣ ਵਾਲੇ ਕਰਮਨ ਸਿੰਘ ਤਲਵਾੜ ਨੇ ਭਾਰਤੀ ਫੌਜ ਦੀ ਟੈਕਨੀਕਲ ਐਂਟਰੀ ਸਕੀਮ ‘ਚ ਆਲ ਇੰਡੀਆ ਮੈਰਿਟ ਸੂਚੀ ‘ਚ ਦੂਜਾ ਸਥਾਨ ਹਾਸਲ ਕਰਕੇ ਪੰਜਾਬ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ |
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (M.R.S.F.P.I.) ਮੋਹਾਲੀ ਦੇ ਕੈਡਿਟ ਕਰਮਨ ਸਿੰਘ ਤਲਵਾੜ ਨੇ ਭਾਰਤੀ ਫੌਜ ਦੀ ਆਲ ਇੰਡੀਆ ਮੈਰਿਟ ਲਿਸਟ ਆਫ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐੱਸ.)-52 ‘ਚ ਦੂਜਾ ਸਥਾਨ ਹਾਸਲ ਕੀਤਾ ਹੈ।
ਇਹ ਮੈਰਿਟ ਸੂਚੀ ਬੀਤੇ ਦਿਨ ਆਰਮੀ ਹੈੱਡਕੁਆਰਟਰ, ਨਵੀਂ ਦਿੱਲੀ ਵੱਲੋਂ ਜਾਰੀ ਕੀਤੀ ਗਈ ਸੀ। ਕਰਮਨ ਸਿੰਘ ਤਲਵਾੜ ਤੋਂ ਇਲਾਵਾ ਇਸ ਸੰਸਥਾ ਦੇ ਤਿੰਨ ਹੋਰ ਕੈਡਿਟਾਂ ਨੇ ਵੀ ਇਸ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ ਹੈ। ਇਸ ਮੈਰਿਟ ਸੂਚੀ ‘ਚ ਮਾਨਸ ਤਨੇਜਾ ਨੇ 22ਵਾਂ ਸਥਾਨ, ਅਨਿਕੇਤ ਸ਼ਰਮਾ ਨੇ 31ਵਾਂ ਅਤੇ ਸੂਰਯਵਰਧਨ ਸਿੰਘ ਨੇ 37ਵਾਂ ਸਥਾਨ ਹਾਸਲ ਕੀਤਾ ਹੈ।
ਜਿਕਰਯੋਗ ਹੈ ਕਿ ਕਰਮਨ ਸਿੰਘ ਤਲਵਾੜ, ਜਤਿੰਦਰ ਪਾਲ ਸਿੰਘ ਤਲਵਾੜ, ਐਡੀਸ਼ਨਲ ਜਨਰਲ ਮੈਨੇਜਰ, ਇੰਡੀਅਨ ਬੈਂਕ, ਅਤੇ ਪ੍ਰੋਫੈਸਰ ਰਵਜੀਤ ਕੌਰ ਤਲਵਾੜ ਦੇ ਪੁੱਤਰ ਹਨ, ਜੋ ਕਿ ਐਸ.ਏ.ਐਸ. ਨਗਰ (Mohali) ਦੇ ਵਸਨੀਕ ਹਨ। ਕਰਮਨ ਸਿੰਘ ਨੇ ਐਨਡੀਏ-153 ਦੀ ਮੈਰਿਟ ਸੂਚੀ ‘ਚ ਵੀ ਸਥਾਨ ਹਾਸਲ ਕੀਤਾ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੀ ਟੈਕਨੀਕਲ ਐਂਟਰੀ ਸਕੀਮ ਤਹਿਤ ਇੰਜੀਨੀਅਰਿੰਗ, ਸਿਗਨਲ ਅਤੇ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਿੰਗ (ਈ.ਐੱਮ.ਈ.) ਸਮੇਤ ਤਕਨੀਕੀ ਸ਼ਾਖਾਵਾਂ ਦੇ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਟੀ.ਈ.ਐਸ. ਉਮੀਦਵਾਰ ਪੁਣੇ (ਮਹਾਰਾਸ਼ਟਰ), ਮਹੂ (ਮੱਧ ਪ੍ਰਦੇਸ਼) ਅਤੇ ਸਿਕੰਦਰਾਬਾਦ (ਤੇਲੰਗਾਨਾ) ਵਿਖੇ ਸਥਿਤ ਕੈਡੇਟ ਸਿਖਲਾਈ ਵਿੰਗਾਂ ਤੋਂ ਸਿਖਲਾਈ ਲੈਂਦੇ ਹਨ।
ਕੈਡਿਟਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਭਾਰਤੀ ਰੱਖਿਆ ਬਲਾਂ ਦੇ ਭਵਿੱਖ ਦੇ ਅਧਿਕਾਰੀ ਬਣਨ ਲਈ ਇਨ੍ਹਾਂ ਨੌਜਵਾਨਾਂ ਦੇ ਵਿਸ਼ੇਸ਼ ਯਤਨਾਂ ਨੂੰ ਦਰਸਾਉਂਦਾ ਹੈ। ਕੈਬਨਿਟ ਮੰਤਰੀ ਨੇ ਇਨ੍ਹਾਂ ਕੈਡਿਟਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।